
ਖ਼ਾਲਸਾ ਕਾਲਜ ਦੀ ਵਿਦਿਆਰਥਣ ਅੰਸ਼ੂ ਨੇ ਭਾਰਤ ਦੀ ਤੀਰਅੰਦਾਜ਼ੀ ਦੀ ਟੀਮ 'ਚ ਅਪਣਾ ਨਾਮ ਦਰਜ ਕਰਵਾ ਕੇ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਸਥਾਨ ਹਾਸਲ ਕੀਤਾ ਹੈ।
ਅੰਮ੍ਰਿਤਸਰ (ਚਰਨਜੀਤ ਸਿੰਘ) : ਖ਼ਾਲਸਾ ਕਾਲਜ ਦੀ ਵਿਦਿਆਰਥਣ ਅੰਸ਼ੂ ਨੇ ਭਾਰਤ ਦੀ ਤੀਰਅੰਦਾਜ਼ੀ ਦੀ ਟੀਮ 'ਚ ਅਪਣਾ ਨਾਮ ਦਰਜ ਕਰਵਾ ਕੇ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ 'ਚ ਸਥਾਨ ਹਾਸਲ ਕੀਤਾ ਹੈ। ਇਹ ਮੁਕਾਬਲਾ 3 ਦੇਸ਼ਾਂ ਚੀਨ, ਤਾਇਵਾਨ ਅਤੇ ਫ਼ਿਲਪੀਨਸ 'ਚ ਕਰਵਾਇਆ ਜਾਵੇਗਾ। ਅੰਸ਼ੂ ਨੇ ਉਕਤ ਸਥਾਨ ਰੋਹਤਕ ਵਿਖੇ 15 ਜੂਨ ਤੋਂ 21 ਜੂਨ ਸਮਾਪਤ ਹੋਏ ਕੈਂਪ ਵਿਖੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਹਾਸਲ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖਿਡਾਰਨ ਦੀ ਚੋਣ ਹੋਣ 'ਤੇ ਅਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਂਦੇ ਹੋਏ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੰਸ਼ੂ ਬੀ.ਏ ਸਮੈਸਟਰ 6ਵੇਂ ਦੀ ਹੋਣਹਾਰ ਵਿਦਿਆਰਥਣ ਹੈ।
Khalsa College Amritsar
ਉਨ੍ਹਾਂ ਕਿਹਾ ਕਿ ਉਕਤ ਕੈਂਪ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ 16 ਖਿਡਾਰਨਾਂ ਟਰਾਇਲ ਲਈ ਪਹੁੰਚੀਆਂ ਸਨ, ਜਿਸ 'ਚ ਅੰਸ਼ੂ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਹੈ। ਇਸ ਮੌਕੇ ਕਾਲਜ ਦੇ ਡਾ. ਦਲਜੀਤ ਸਿੰਘ ਮੁਖੀ ਸਰੀਰਿਕ ਸਿਖਿਆ ਵਿਭਾਗ ਨੇ ਕਿਹਾ ਕਿ ਅੰਸ਼ੂ ਇਕ ਉਘੀ ਤੀਰਅੰਦਾਜ਼ੀ ਦੀ ਖਿਡਾਰਨ ਹੈ, ਜਿਸ ਨੇ ਪਿਛਲੇ ਸਮੇਂ 'ਚ ਸੂਬਾ ਪੱਧਰ, ਅੰਤਰ ਯੂਨੀਵਰਸਿਟੀ ਤੇ ਕੌਮਾਂਤਰੀ ਪੱਧਰ 'ਤੇ ਬਹੁਤ ਸਾਰੇ ਖ਼ਿਤਾਬ ਹਾਸਲ ਕਰ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
Amritsar
ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀਆਂ ਸੁੱਖ-ਸਹੂਲਤਾਂ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਦਿਤੇ ਜਾ ਰਹੇ ਸਹਿਯੋਗ ਸਦਕਾ ਅੱਜ ਹਰ ਖੇਤਰ 'ਚ ਵਿਦਿਆਰਥੀ ਨਾਮਣਾ ਖੱਟ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੁਣੇ ਗਏ ਉਕਤ ਖਿਡਾਰੀਆਂ ਦੀ ਟੀਮ ਫ਼ੁਲਬਾਗ ਕੌਰ ਅਤੇ ਰਛਪਾਲ ਸਿੰਘ ਕੋਚ ਦੀ ਅਗਵਾਈ ਹੇਠ 30 ਜੁਲਾਈ ਨੂੰ ਰਵਾਨਾ ਹੋਵੇਗੀ।