
ਜੇਲ ਦੇ ਨੇੜਲੀਆਂ ਕਾਲੋਨੀਆਂ ਦੇ ਵਸਨੀਕਾਂ ਨੇ ਕੀਤਾ ਵਿਰੋਧ
ਗੁਰਦਾਸਪੁਰ, 29 ਜੁਲਾਈ (ਹਰਜੀਤ ਸਿੰਘ ਆਲਮ) : ਕੇਂਦਰੀ ਜੇਲ ਗੁਰਦਾਸਪੁਰ ਨੂੰ ਕੋਰੋਨਾ ਪੀੜਤ ਕੈਦੀਆਂ ਦਾ ਆਈਸੋਲੇਸ਼ਨ ਕੇਂਦਰ ਬਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ ਪ੍ਰਸ਼ਾਸਨ ਵਲੋਂ ਹੀ ਗੁਪਤ ਢੰਗ ਨਾਲ ਬੀਤੀ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਜੇਲ ਦੇ ਬਾਹਰ ਕੈਦੀਆਂ ਨੂੰ ਲੈਣ ਪੁੱਜੀਆਂ ਪੁਲਿਸ ਦੀਆਂ ਬਸਾਂ ਨੂੰ ਦੇਖ ਕੇ ਜਦੋਂ ਮੀਡੀਆ ਕਰਮੀਆਂ ਨੇ ਇਸ ਦਾ ਕਾਰਨ ਪੁਛਣਾ ਚਾਹਿਆ ਤਾਂ ਜੇਲ ਪ੍ਰਸ਼ਾਸਨ ਵਲੋਂ ਕੋਈ ਤਸੱਲੀਬਖਸ਼ ਜਵਾਬ ਨਾ ਦਿਤਾ ਗਿਆ। ਜਦਕਿ ਕੈਦੀਆਂ ਨੂੰ ਕਪੂਰਥਲਾ ਜੇਲ ਲਿਜਾਣ ਲਈ ਪੁਲਿਸ ਮੁਲਾਜ਼ਮ ਬਸਾਂ ਲੈ ਕੇ ਜੇਲ ਦੇ ਬਾਹਰ ਪੁੱਜੇ ਹੋਏ ਸਨ।
ਜਾਣਕਾਰੀ ਅਨੁਸਾਰ ਸਥਾਨਕ ਜੇਲ ਅੰਦਰ 487 ਮਰਦ ਅਤੇ 38 ਔਰਤਾਂ ਕੈਦ ਕੱਟ ਰਹੇ ਹਨ। ਇਹ ਸਾਰੇ ਹੀ ਕਪੂਰਥਲਾ ਜਾਂ ਹੋਰ ਜੇਲਾਂ ਵਿਚ ਤਬਦੀਲ ਕੀਤੇ ਜਾ ਰਹੇ ਹਨ। ਦੇਰ ਸ਼ਾਮ ਜਾ ਕੇ ਪ੍ਰਸ਼ਾਸਨ ਨੇ ਇਹ ਗੱਲ ਤਸਲੀਮ ਕੀਤੀ ਕਿ ਗੁਰਦਾਸਪੁਰ ਜੇਲ ਨੂੰ ਆਈਸੋਲੇਸ਼ਨ ਕੇਂਦਰ ਬਣਾਇਆ ਜਾ ਰਿਹਾ ਹੈ। ਸੂਬੇ ਭਰ ਦੀਆਂ ਜੇਲਾਂ ਅੰਦਰ ਜਿਹੜੇ ਕੈਦੀ ਕੋਰੋਨਾ ਪੀੜਤ ਪਾਏ ਜਾਂਦੇ ਹਨ ਹਨ
ਉਨ੍ਹਾਂ ਸਾਰਿਆਂ ਨੂੰ ਗੁਰਦਾਸਪੁਰ ਜੇਲ ਵਿਚ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਜੇਲ੍ਹ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਜ਼ਿਲ੍ਹਾ ਜੱਦੀ ਜ਼ਿਲ੍ਹਾ ਹੈ ਅਤੇ ਉਹ ਇਸ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਹਨ। ਇਹ ਵੀ ਪਤਾ ਲੱਗਿਆ ਹੈ ਕਿ ਪਹਿਲਾਂ ਆਈਸੋਲੇਸ਼ਨ ਕੇਂਦਰ ਵਾਸਤੇ ਤਰਨਤਾਰਨ ਜੇਲ ਦੀ ਚੋਣ ਕੀਤੀ ਗਈ ਸੀ ਪਰ ਉਥੋਂ ਦੇ ਵਿਧਾਇਕਾਂ ਅਤੇ ਲੋਕਾਂ ਦੇ ਵਿਰੋਧ ਕਾਰਨ ਤਰਨਤਾਰਨ ਦੀ ਜੇਲ ਨੂੰ ਆਈਸੋਲੇਸ਼ਨ ਕੇਂਦਰ ਬਣਾਉਣ ਦਾ ਫ਼ੈਸਲਾ ਵਾਪਸ ਲਿਆ ਗਿਆ ਸੀ।
ਇਸੇ ਤਰ੍ਹਾਂ ਗੁਰਦਾਸਪੁਰ ਦੇ ਸਮਾਜਕ ਸੰਗਠਨਾਂ ਤੇ ਜਥੇਬੰਦੀਆਂ ਅਤੇ ਇਸ ਕੇਂਦਰੀ ਜੇਲ ਦੇ ਕੋਲ ਸਥਿਤ ਰਿਹਾਇਸ਼ੀ ਕਾਲੋਨੀਆਂ ਦੇ ਨਿਵਾਸੀਆਂ ਨੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਅੰਦਰ ਬਹੁਤ ਸਾਰੀਆਂ ਜੇਲਾਂ ਰਿਹਾਇਸ਼ੀ ਅਬਾਦੀਆਂ ਤੋਂ ਕਾਫ਼ੀ ਬਾਹਰ ਹਨ। ਉਨ੍ਹਾਂ ਦਸਿਆ ਕਿ ਉਹ ਜਲਦੀ ਅਪਣੀ ਇਸ ਮੰਗ ਨੂੰ ਲੈ ਕੇ ਜ਼ਿਲ੍ਹੇ ਦੇ ਮੰਤਰੀਆਂ, ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦੇ ਰਹੇ ਹਨ। ਕੇਂਦਰੀ ਜੇਲ ਗੁਰਦਾਸਪੁਰ ਦੇ ਬਾਹਰ ਕੈਦੀਆਂ ਨੂੰ ਕਪੂਰਥਲਾ ਲਿਜਾਣ ਲਈ ਪੁੱਜੀਆਂ ਪੁਲਿਸ ਦੀਆਂ ਬਸਾਂ ਖੜੀਆਂ ਦਿਖਾਈ ਦੇ ਰਹੀਆਂ ਹਨ।