
ਸਵੈ-ਰੱਖਿਆ, ਔਰਤਾਂ ਦੇ ਸਸ਼ਕਤੀਕਰਨ ਤੇ ਨਸ਼ਾਖੋਰੀ ਵਿਰੁਧ ਅਮਰੀਕਾ ਵਿਖੇ ਕਰਾਇਆ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ
ਚੰਡੀਗੜ੍ਹ: ਗੱਤਕਾ ਖੇਡ ਦੀ ਚੋਟੀ ਦੀ ਸੰਸਥਾ, ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਮਾਰਸ਼ਲ ਆਰਟ ਗੱਤਕੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਫੁੱਲਤ ਕਰਨ ਤੇ ਮਾਨਤਾ ਦਿਵਾਉਣ ਦੇ ਹੋਕੇ ਨਾਲ ਗੁਰਦੁਆਰਾ ਗਲੈਨ ਰੌਕ, ਨਿਊਜਰਸੀ, ਅਮਰੀਕਾ ਵਿਖੇ ਇਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ ਕਰਵਾਇਆ ਗਿਆ। ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਇਸਮਾਕ) ਦੇ ਸਹਿਯੋਗ ਨਾਲ "ਗੱਤਕਾ : ਸਵੈ-ਰੱਖਿਆ, ਔਰਤਾਂ ਦੇ ਸਸ਼ਕਤੀਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁਧ" ਵਿਸ਼ੇ ਅਧੀਨ ਕਰਵਾਏ ਇਸ ਸੈਮੀਨਾਰ ਦੌਰਾਨ ਗੱਤਕਾ ਪ੍ਰਮੋਟਰਾਂ, ਮਾਹਰਾਂ, ਉੱਘੀਆਂ ਸਖਸ਼ੀਅਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਇਕੱਠ ਨੇ ਸਮਕਾਲੀ ਚੁਨੌਤੀਆਂ ਨਾਲ ਨਜਿੱਠਣ ਅਤੇ ਗੱਤਕਾ ਖੇਡ ਨੂੰ ਉਤਸ਼ਾਹਤ ਕਰਨ ਲਈ ਸਮੂਹਿਕ ਤੌਰ 'ਤੇ ਗੱਤਕੇ ਦੀ ਵਿਸ਼ੇਸ਼ ਮਹੱਤਤਾ 'ਤੇ ਜ਼ੋਰ ਦਿਤਾ।
ਇਹ ਵੀ ਪੜ੍ਹੋ: ਦਿੱਲੀ 'ਚ ਜੁੱਤੀਆਂ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਹੋਇਆ ਧੂੰਆਂ ਹੀ ਧੂੰਆਂ
ਇਸ ਪਲੇਠੇ ਗੱਤਕਾ ਸੈਮੀਨਾਰ ਵਿਚ ਗੱਤਕਾ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਅਤੇ ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐੱਫ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ: ਦੀਪ ਸਿੰਘ ਅਤੇ ਗੱਤਕਾ ਫੈਡਰੇਸ਼ਨ ਕੈਨੇਡਾ ਦੇ ਜੱਥੇਬੰਦਕ ਸਕੱਤਰ ਜਨਮਜੀਤ ਸਿੰਘ ਨੇ ਸੈਮੀਨਾਰ ਦੇ ਮੁੱਖ ਵਿਸ਼ਿਆਂ 'ਤੇ ਆਪਣੀ ਵਿਸ਼ਾਲ ਮੁਹਾਰਤ ਨਾਲ ਡੂੰਘੀ ਜਾਣਕਾਰੀ ਸੰਗਤਾਂ ਦੇ ਸਨਮੁਖ ਪੇਸ਼ ਕੀਤੀ।
ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ 70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਪੀ.ਐਸ.ਪੀ.ਸੀ.ਐਲ. ਦਾ ਜੇ.ਈ. ਕਾਬੂ
ਅਪਣੇ ਸੰਬੋਧਨ ਦੌਰਾਨ ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਸਵੈ-ਰੱਖਿਆ ਦੇ ਸੁਖਾਲੇ ਤੇ ਸਸਤੇ ਸਾਧਨ ਵਜੋਂ ਗੱਤਕੇ ਦੇ ਤੱਤ ਦਾ ਭਾਵ ਪੂਰਤ ਵਿਖਿਆਨ ਕੀਤਾ। ਉਨ੍ਹਾਂ ਦਸਿਆ ਕਿ ਗੱਤਕਾ, ਸਿੱਖ ਯੁੱਧ ਵਿੱਦਿਆ ਦਾ ਅਟੁੱਟ ਅੰਗ ਹੈ। ਇਹ ਕੇਵਲ ਇਕ ਜੰਗੀ ਕਲਾ ਹੀ ਨਹੀਂ ਸਗੋਂ ਯੁੱਧ ਕਲਾ ਦੀ ਇਕ ਸੰਪੂਰਨ ਪ੍ਰਣਾਲੀ ਹੈ ਜਿਸ ਵਿਚ ਸਰੀਰਕ ਤੇ ਮਾਨਸਿਕ ਸ਼ਕਤੀ ਸਮੇਤ ਅਧਿਆਤਮਿਕ ਅਨੁਸ਼ਾਸਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਗੱਤਕਾ ਸੱਭਿਆਚਾਰਕ ਸੀਮਾਵਾਂ ਤੋਂ ਉਪਰ ਉੱਠ ਕੇ ਵਿਸ਼ਵ ਭਰ ਦੇ ਵਿਭਿੰਨ ਭਾਈਚਾਰਿਆਂ ਵਿਚ ਆਪਸੀ ਸਮਝ, ਭਾਈਚਾਰਕ ਏਕਤਾ ਅਤੇ ਆਲਮੀ ਸਦਭਾਵਨਾ ਵਧਾਉਣ ਲਈ ਇਕ ਪੁਲ ਦਾ ਕੰਮ ਕਰ ਸਕਦਾ ਹੈ।
ਡਾ: ਦੀਪ ਸਿੰਘ ਨੇ ਗੱਤਕੇ ਨੂੰ ਔਰਤਾਂ ਦੇ ਸਸ਼ਕਤੀਕਰਨ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਵੈ-ਰੱਖਿਆ ਵਜੋਂ ਗੱਤਕਾ ਕਲਾ ਨੂੰ ਉਤਸ਼ਾਹਤ ਕਰਨ ਨਾਲ ਖਾਸ ਤੌਰ 'ਤੇ ਔਰਤਾਂ ਨੂੰ ਦੁਨੀਆ ਵਿਚ ਵਧ ਰਹੇ ਜੁਰਮਾਂ ਤੋਂ ਅਪਣੀ ਰੱਖਿਆ ਤੇ ਸੁਰੱਖਿਆ ਕਰਨ ਦੀ ਸਮਰੱਥਾ ਨਾਲ ਸ਼ਸ਼ਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਗੱਤਕਾ ਕਲਾ ਸਿੱਖਣ ਵਿਚ ਲਿੰਗ ਰੁਕਾਵਟਾਂ ਨਾ ਹੋਣ ਕਰਕੇ ਇਸ ਦੇ ਸੰਮਲਿਤ ਸੁਭਾਅ ਨੂੰ ਉਜਾਗਰ ਕੀਤਾ ਜਿਸ ਰਾਹੀਂ ਔਰਤਾਂ ਮਾਨਸਿਕ ਤਾਕਤ ਅਤੇ ਲਚਕੀਲੇਪਣ ਨੂੰ ਅਪਣਾਉਣ ਦੇ ਯੋਗ ਬਣ ਸਕਦੀਆਂ ਹਨ।
ਇਹ ਵੀ ਪੜ੍ਹੋ: ਸਤਲੁਜ 'ਚ ਵਹਿ ਕੇ ਪਾਕਿਸਤਾਨ ਪਹੁੰਚੇ ਲੁਧਿਆਣਾ ਦੇ 2 ਨੌਜਵਾਨ, ਪਾਕਿ ਰੇਂਜਰਾਂ ਨੇ ਫੜੇ, ਅਧਿਕਾਰੀਆਂ ਨੇ ਨਹੀਂ ਕੀਤੀ ਪੁਸ਼ਟੀ
ਜਨਮਜੀਤ ਸਿੰਘ ਨੇ ਅਪਣੇ ਸੰਬੋਧਨ ਵਿਚ ਹਰ ਮਨੁੱਖ ਲਈ ਜੰਗਜੂ ਕਲਾ ਦੀ ਮਹੱਤਤਾ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਖਿਲਾਫ ਲੜਾਈ ਵਿਚ ਗੱਤਕੇ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਨਸ਼ਾਖੋਰੀ ਰਾਹੀਂ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਇਸ ਕਲਾ ਦੇ ਅਨੁਸ਼ਾਸਿਤ ਅਭਿਆਸ ਦੌਰਾਨ ਊਰਜਾ ਅਤੇ ਧਿਆਨ ਨੂੰ ਕੇਂਦਰਿਤ ਕਰਕੇ ਬਿਹਤਰ ਜੀਵਨ ਜਿਉਣ ਲਈ ਇਕ ਬਦਲ ਵਜੋਂ ਰਚਨਾਤਮਕ ਰਸਤਾ ਲੱਭ ਸਕਦੇ ਹਨ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਗੱਤਕੇ ਨੂੰ ਅਪਣਾਉਣ, ਔਰਤਾਂ ਦੇ ਸਸ਼ਕਤੀਕਰਨ ਅਤੇ ਨਸ਼ਿਆਂ ਦੀ ਵਰਤੋਂ ਰੋਕਣ ਲਈ ਗੱਤਕੇ ਦੀ ਵਰਤੋਂ ਕਰਨ ਖਾਤਰ ਇਕਜੁੱਟ ਹੋਣ ਦਾ ਸੱਦਾ ਦਿਤਾ।
ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ (ਇਸਮਾਕ) ਦੇ ਬੁਲਾਰੇ ਲਖਬੀਰ ਸਿੰਘ ਖਾਲਸਾ ਨੇ ਕਿਹਾ ਕਿ ਗੱਤਕੇ ਦੀ ਮਦਦ ਕਰਕੇ ਅਸੀਂ ਨਾ ਸਿਰਫ਼ ਅਪਣੇ ਇਕ ਅਨਮੋਲ ਸੱਭਿਆਚਾਰਕ ਖਜ਼ਾਨੇ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਬਲਕਿ ਅਪਣੀ ਕੌਮ ਨੂੰ ਅਜਿਹੇ ਸਾਧਨਾਂ ਨਾਲ ਲੈਸ ਕਰਦੇ ਹਾਂ ਜਿਸ ਰਾਹੀਂ ਕੌਮ ਨੂੰ ਦਰਪੇਸ਼ ਮੁੱਖ ਚੁਨੌਤੀਆਂ ਨੂੰ ਸਰ ਕਰਨ ਤੋਂ ਇਲਾਵਾ ਇਕ ਸੁਰੱਖਿਅਤ ਅਤੇ ਵੱਧ ਸਦਭਾਵਨਾ ਭਰਪੂਰ ਸੰਸਾਰ ਸਿਰਜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਮੋਗਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਆਪਸ ਵਿਚ ਭਿੜੀਆਂ ਦੋ ਧਿਰਾਂ, ਹੋਇਆ ਖੂਨ ਖਰਾਬਾ
ਸਮਾਗਮ ਵਿਚ ਹਾਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਕਾਰੋਬਾਰੀ ਹਰਭਜਨ ਸਿੰਘ, ਮੌਜੂਦਾ ਪ੍ਰਧਾਨ ਸੁਪਿੰਦਰ ਸਿੰਘ ਬੈਂਸ, ਚੇਅਰਮੈਨ ਜਸਜੀਤ ਸਿੰਘ ਹੁੰਦਲ, ਸਕੱਤਰ ਬਲਜੀਤ ਸਿੰਘ, ਪ੍ਰਿਤਪਾਲ ਸਿੰਘ ਖਾਲਸਾ, ਯਾਦਵਿੰਦਰ ਸਿੰਘ, ਹਰਕਿਸ਼ਨ ਸਿੰਘ ਜੱਸਲ, ਦਵਿੰਦਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਨਿਊਜਰਸੀ ਸੂਬੇ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ। ਉਨਾਂ ਹਾਜ਼ਰੀਨ ਨੂੰ ਪ੍ਰੇਰਿਤ ਕਰਦਿਆਂ ਵਿਸ਼ਵ ਭਾਈਚਾਰੇ ਨੂੰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਤੋਂ ਗੱਤਕੇ ਨੂੰ ਮਾਨਤਾ ਦਿਵਾਉਣ, ਗੱਤਕੇ ਦੀ ਅਮੀਰ ਵਿਰਾਸਤ ਨੂੰ ਉਤਸ਼ਾਹਤ ਕਰਨ ਅਤੇ ਸੰਭਾਲਣ ਸਬੰਧੀ ਯਤਨਾਂ ਵਿਚ ਮਦਦ ਕਰਨ ਦੀ ਅਪੀਲ ਕੀਤੀ। ਇਹ ਸੈਮੀਨਾਰ ਪੁਰਾਤਨ ਜੰਗਜੂ ਕਲਾ ਦੀ ਪਰਿਵਰਤਨਸ਼ੀਲ ਤਾਕਤ ਦੇ ਇਕ ਸ਼ਕਤੀਸ਼ਾਲੀ ਪ੍ਰਮਾਣ ਵਜੋਂ ਸਾਰਥਿਕ ਸਿੱਧ ਹੋਇਆ ਜਿਸ ਵਿਚ ਉਨ੍ਹਾਂ ਮੁੱਦਿਆਂ ਨੂੰ ਵਿਚਾਰਿਆ ਗਿਆ ਜਿਨ੍ਹਾਂ ਦਾ ਵਿਸ਼ਵ ਭਰ ਦੇ ਲੋਕ ਸਾਹਮਣਾ ਕਰ ਰਹੇ ਹਨ। ਇਹ ਸੈਮੀਨਾਰ ਗੱਤਕੇ ਨੂੰ ਅੰਤਰਰਾਸ਼ਟਰੀ ਮੰਚਾਂ, ਵਰਕਸ਼ਾਪਾਂ ਅਤੇ ਵਿੱਦਿਅਕ ਪਹਿਲਕਦਮੀਆਂ ਰਾਹੀਂ ਪ੍ਰਫੁੱਲਤ ਕਰਨ ਲਈ ਸਾਂਝੇ ਯਤਨ ਸ਼ੁਰੂ ਕਰਨ ਦੇ ਸਰਬਸੰਮਤ ਅਹਿਦ ਨਾਲ ਸਮਾਪਤ ਹੋਇਆ।