
ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜਸਟਿਸ ਰਣਜੀਤ ਸਿੰਘ ਦੀ ਐਕਸ਼ਨ ਟੇਕਨ ਰੀਪੋਰਟ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੋਸ਼ੀਆਂ ਵਿਰੁਧ......
ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜਸਟਿਸ ਰਣਜੀਤ ਸਿੰਘ ਦੀ ਐਕਸ਼ਨ ਟੇਕਨ ਰੀਪੋਰਟ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੋਸ਼ੀਆਂ ਵਿਰੁਧ ਤੁਰਤ ਲੋੜੀਂਦੀ ਕਾਰਵਾਈ 'ਚ ਬਿਨਾਂ ਕਾਰਨ ਦੇਰੀ ਕਰਨ ਦਾ ਦੋਸ਼ ਲਾਇਆ ਹੈ। ਪ੍ਰੈੱਸ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਰੀਪੋਰਟ ਨੂੰ ਵਿਧਾਨ ਸਭਾ ਦੇ ਪਵਿੱਤਰ ਸਦਨ 'ਚ ਪੇਸ਼ ਕੀਤਿਆਂ ਦੋ ਦਿਨ ਲੰਘ ਗਏ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੀਬੀਆਈ ਦੀ ਥਾਂ ਪੰਜਾਬ ਪੁਲਿਸ ਵਲੋਂ ਹੀ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿਤੇ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ
ਪਰ ਜਸਟਿਸ ਰਣਜੀਤ ਸਿੰਘ ਦੀ ਜਾਂਚ ਰੀਪੋਰਟ 'ਚ ਦਰਜ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਲ ਇਕ ਕਦਮ ਵੀ ਪੁਟਿਆ ਨਹੀਂ ਗਿਆ। ਐਡਵੋਕੇਟ ਹਰਪਾਲ ਚੀਮਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਤਮਾਮ ਵੇਰਵਿਆਂ, ਤੱਥਾਂ, ਗਵਾਹਾਂ ਅਤੇ ਨਿਚੋੜ 'ਤੇ ਆਧਾਰਤ ਜਾਂਚ ਅਤੇ ਐਕਸ਼ਨ ਟੇਕਨ ਰੀਪੋਰਟ ਦੇ ਸਨਮੁਖ ਅਮਰਿੰਦਰ ਸਿੰਘ ਨੂੰ ਸਾਰੇ ਦੋਸ਼ੀਆਂ ਵਿਰੁਧ ਸਖ਼ਤ ਕਦਮ ਚੁੱਕਣ 'ਚ ਬਿਲਕੁਲ ਵੀ ਦੇਰੀ ਕਰਨੀ ਨਹੀਂ ਬਣਦੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀਆਂ ਤੁਰਤ ਗ੍ਰਿਫ਼ਤਾਰੀਆਂ ਦੀ ਇਕਜੁੱਟ ਮੰਗ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਬਚਣ ਅਤੇ ਭੱਜਣ ਦੇ ਮੌਕੇ ਦੇ ਰਹੇ ਹਨ।