
6 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਵਿਦਿਆਰਥੀ ਸੰਗਠਨ, ਉਮੀਦਵਾਰਾਂ ਦੀ ਭਾਲ ਵਿਚ ਜੁਟ ਗਏ ਹਨ............
ਚੰਡੀਗੜ੍ਹ : 6 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਵਿਦਿਆਰਥੀ ਸੰਗਠਨ, ਉਮੀਦਵਾਰਾਂ ਦੀ ਭਾਲ ਵਿਚ ਜੁਟ ਗਏ ਹਨ। ਭਾਵੇਂ ਕਿਸੇ ਵੀ ਸੰਗਠਨ ਲਈ ਅਪਣੇ ਦਮ 'ਤੇ ਚੋਣ ਜਿੱਤਣਾ ਸੰਭਵ ਨਹੀਂ ਲਗਦਾ ਪਰ ਗਠਜੋੜ ਪੱਕਾ ਹੋਣ ਤੋਂ ਪਹਿਲਾਂ ਹੀ ਸੰਗਠਨਾਂ ਵਲੋਂ ਆਪੋ ਅਪਣੇ ਉਮੀਦਵਾਰ ਐਲਾਨ ਦਿਤੇ ਜਾਂਦੇ ਹਨ ਅਤੇ ਗਠਜੋੜ ਦੀ ਸੂਰਤ ਵਿਚ ਨਾਂ ਵਾਪਸ ਲੈ ਲਏ ਜਾਂਦੇ ਹਨ ਕਿਉਂਕਿ ਨਾਂ ਭਰਨ ਦਾ ਕੰਮ 30 ਅਗੱਸਤ ਨੂੰ ਹੋਣਾ ਹੈ। ਵਿਦਿਆਰਥੀ ਸੰਗਠਨਾਂ ਸੰਗਠਨਾਂ ਦਾ ਅੱਜ ਦਾ ਦਿਨ ਚੋਣ ਪ੍ਰਚਾਰ ਨਾਲੋਂ ਉਮੀਦਵਾਰਾਂ ਦੇ ਨਾਂ ਤੈਅ ਕਰਨ 'ਚ ਲੰਘਿਆ।
ਐਸ.ਐਫ਼.ਐਸ. ਨੇ ਦਿਤਾ ਲੜਕੀ ਉਮੀਦਵਾਰ ਨੂੰ ਮੌਕਾ : ਖੱਬੇਪੱਖੀ ਵਿਚਾਰਧਾਰਾ ਰੱਖਣ ਵਾਲੀ ਚਾਰ ਕੁ ਸਾਲ ਪੁਰਾਣੀ ਜਥੇਬੰਦੀ ਸਟੂਡੈਂਟਸ ਫ਼ਾਰ ਸੁਸਾਇਟੀ (ਐਸ.ਐਫ਼.ਐਸ.) ਨੇ ਇਸ ਸਾਲ ਫਿਰ ਲੜਕੀਆਂ ਨੂੰ ਮੌਕਾ ਦਿਤਾ ਹੈ। ਪ੍ਰਧਾਨਗੀ ਅਹੁਦੇ ਲਈ ਜੋਆਲੋਜੀ ਵਿਭਾਗ ਦੀ ਖੋਜ ਸਕਾਲਰ ਕਨੂੰ ਪ੍ਰਿਯਾ ਨੂੰ ਉਮੀਦਵਾਰ ਬਣਾਇਆ ਹੈ। ਐਸ.ਐਫ਼.ਐਸ. ਨੇ ਪਿਛਲੇ ਸਾਲ ਵੀ ਹਸ਼ਨਪ੍ਰੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਅਤੇ ਉਸ ਨੇ 2100 ਵੋਟਾਂ ਲਈਆਂ ਸਨ।
ਐਸ.ਐਫ਼.ਐਸ. ਨੇ ਸਾਲ 2014-15 ਵਿਚ ਵੀ ਅਮਨਦੀਪ ਕੌਰ ਨੂੰ ਪ੍ਰਧਾਨਗੀ ਦੀ ਚੋਣ ਲੜਾਈ ਸੀ ਜਿਸ ਨੇ 1334 ਵੋਟਾਂ ਲੈ ਕੇ ਸੱਤ ਉਮੀਦਵਾਰਾਂ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਸੀ ਕਿਉਂਕਿ ਕੈਂਪਸ ਵਿਚ ਕੁਲ ਵੋਟਾਂ ਦਾ ਲਗਭਗ 70 ਫ਼ੀ ਸਦੀ ਲੜਕੀਆਂ ਹਨ, ਇਸ ਲਈ ਐਸ.ਐਫ਼.ਐਸ. ਨੇ ਬਹੁਗਿਣਤੀ ਦਾ ਸਨਮਾਨ ਜ਼ਰੂਰ ਕੀਤਾ ਹੈ ਪਰ ਇਹ ਵੀ ਇਤਿਹਾਸ ਹੈ ਕਿ ਪਿਛਲੀਆਂ 28 ਚੋਣਾਂ ਵਿਚ ਕੋਈ ਵੀ ਲੜਕੀ ਪ੍ਰਧਾਨਗੀ ਦੀ ਚੋਣ ਨਹੀਂ ਜਿੱਤੀ।
ਦਰਜਨ ਭਰ ਜਥੇਬੰਦੀਆਂ ਮੈਦਾਨ 'ਚ : ਵਿਦਿਆਰਥੀ ਕੌਂਸਲ ਚੋਣਾਂ ਵਿਚ ਕਿੰਨੀ ਦਿਲਚਸਪੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਤੋਂ ਸੱਤ ਕੁ ਸਾਲ ਪਹਿਨਾਂ 2010-11 ਤਕ ਸਿਰਫ਼ ਦੋ ਸੰਗਠਨ ਪੁਸੂ ਅਤੇ ਸੋਪੂ ਹੀ ਚੋਣ ਲੜਦੀਆਂ ਸਨ ਪਰ ਉਸ ਤੋਂ ਬਾਅਦ ਵਿਦਿਆਰਥੀ ਸੰਗਠਨਾਂ ਦੀ ਗਿਣਤੀ ਵਧ ਕੇ ਲਗਭਗ ਦੋ ਦਰਜਨ ਦੇ ਕਰੀਬ ਹੋ ਗਈ ਹੈ। ਸਾਲ 2011-12 ਵਿਚ ਸੋਈ ਨੇ ਪਹਿਲੀ ਵਾਰ ਸੋਪੂ ਨਾਲ ਮਿਲ ਕੇ ਚੋਣ ਜਿੱਤੀ। ਉਸ ਤੋਂ ਅਗਲੇ ਸਾਲ ਸੋਪੂ ਅਤੇ ਸੋਈ ਨੇ ਐਚ.ਐਸ.ਏ. ਅਤੇ ਐਸ.ਐਫ਼.ਆਈ. ਨਾਲ ਮਿਲ ਕੇ ਚੋਣ ਜਿੱਤੀ।
ਸਾਲ 2013-14 ਵਿਚ ਕਾਂਗਰਸ ਦੀ ਐਨ.ਐਸ.ਯੂ.ਆਈ. ਅਤੇ ਭਾਜਪਾ ਦੀ ਏ.ਬੀ.ਵੀ.ਪੀ. ਦਾ ਗਠਜੋੜ ਸੱਭ ਨੂੰ ਹੈਰਾਨ ਕਰਨ ਵਾਲਾ ਸੀ ਅਤੇ ਇਸ ਨੇ ਚੌਟਾਲਾ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਇਨਸੋ ਨਾਲ ਮਿਲ ਕੇ ਜਿੱਤ ਹਾਸਲ ਕੀਤੀ। ਫਿਰ 2014-15 ਵਿਚ ਵੀ ਐਨ.ਐਸ.ਯੂ.ਆਈ. ਨੇ ਜਿੱਤ ਹਾਸਲ ਕੀਤੀ, ਸਾਲ 2015-16 ਵਿਚ ਸੋਈ ਨੇ, 2016-17 ਵਿਚ ਪੁਸੁ ਨੇ ਅਤੇ ਪਿਛਲੇ ਸਾਲ ਐਨ.ਐਸ.ਯੂ.ਆਈ. ਨੇ ਆਈ.ਐਸ.ਏ. ਨਾਲ ਸਮਝੌਤਾ ਕਰ ਕੇ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਸਿਆਸੀ ਪਾਰਟੀਆਂ ਦੇ ਵਿਦਿਆਰਥੀ ਵਿੰਗਾਂ ਜਿਵੇਂ ਐਨ.ਐਸ.ਯੂ.ਆਈ., ਏ.ਬੀ.ਵੀ.ਪੀ., ਸੋਈ, ਇਨਸੋ, ਐਸ.ਐਫ਼.ਆਈ. ਤੋਂ ਇਲਾਵਾ ਗੈਰ ਸਿਆਸੀ ਸੰਗਠਨ ਵਿਚ ਆਈ.ਐਸ.ਏ., ਐਚ.ਐਸ.ਓ., ਐਲ.ਐਸ.ਯੂ., ਪੀ.ਐਸ.ਯੂ. (ਲਲਕਾਰ), ਐਚ.ਪੀ.ਐਸ.ਯੂ. ਮਿਲਾ ਕੇ ਲਗਭਗ 21 ਸੰਗਠਨ ਚੋਣ ਮੈਦਾਨ ਵਿਚ ਹਨ ਜੋ ਵੱਡੀਆਂ ਪਾਰਟੀਆਂ ਲਈ ਕਾਫ਼ੀ ਅਹਿਮ ਹਨ।