
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਾਰੀ ਕੀਤਾ 'ਫ਼ਿਟ ਇੰਡੀਆ' ਐਪ
ਕੌਮੀ ਖੇਡ ਦਿਵਸ ਮੌਕੇ ਹੋਏ ਪੋ੍ਰੋਗਰਾਮ ਮੌਕੇ ਹਾਕੀ ਕਪਤਾਨ ਮਨਪ੍ਰੀਤ ਤੇ ਖੇਡਾਂ ਨਾਲ ਜੁੜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਵੀ ਕੀਤੀ ਵਰਚੂਅਲ ਗੱਲਬਾਤ
ਨਵੀਂ ਦਿੱਲੀ, 29 ਅਗੱਸਤ (ਸ.ਸ.ਸ.): ਅੱਜ ਨਵੀਂ ਦਿੱਲੀ ਵਿਖੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਖੇ ਕੌਮੀ ਖੇਡ ਦਿਵਸ ਮੌਕੇ ਹੋਏ ਪ੍ਰੋਗਰਾਮ ਦੌਰਾਨ ਕੇਂਦਰੀ ਖੇਡ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ 'ਫ਼ਿਟ ਇੰਡੀਆ' ਐਪ ਜਾਰੀ ਕੀਤਾ ਹੈ | ਆਜ਼ਾਦੀ ਦੇ ਅਮਿ੍ਤ ਮਹਾਂਉਤਸਵ ਦੀ ਲੜੀ ਵਿਚ 'ਫ਼ਿਟ ਇੰਡੀਆ' ਮੂਵਮੈਂਟ ਦੀ ਦੂਜੀ ਵਰ੍ਹੇਗੰਢ ਮਨਾਉਣ ਲਈ ਅੱਜ ਇਹ ਐਪ ਜਾਰੀ ਕੀਤਾ ਗਿਆ ਹੈ | ਇਸ ਮੌਕੇ ਕੇਂਦਰੀ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਅਤੇ ਵਿਭਾਗ ਦੇ ਸਕੱਤਰ ਰਵੀ ਮਿੱਤਲ ਵੀ ਮੌਜੂਦ ਸਨ |
ਇਸ ਮੌਕੇ ਕੇਂਦਰੀ ਮੰਤਰੀ ਠਾਕੁਰ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਪਹਿਲਵਾਨ ਸੰਗਰਾਮ ਸਿੰਘ, ਖੇਡ ਪੱਤਰਕਾਰ ਅਯਾਜ ਮੇਮਨ ਅਤੇ ਪਾਇਲਟ ਕੈਪਟਨ ਐਨੀ ਦਿਵਿਆ ਨਾਲ ਵੀ ਵਰਚੂਅਲ ਗੱਲਬਾਤ ਕੀਤੀ | ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ 'ਫ਼ਿਟ ਇੰਡੀਆ' ਮੁਹਿੰਮ ਵਿਚ ਸ਼ਾਮਲ ਹੋ ਕੇ ਇਸ ਨੂੰ ਸਫ਼ਲ ਕਰਨ ਲਈ ਕਿਹਾ ਹੈ | ਹਾਕੀ ਦੇ ਜਾਦੂਗਰ ਸਵਰਗੀ ਮੇਜਰ ਧਿਆਨ ਚੰਦ ਨੂੰ ਯਾਦ ਕਰਨ ਨਾਲ ਸ਼ੁਰੂ ਹੋਏ ਸਮਾਗਮ ਵਿਚ ਬੋਲਦਿਆਂ ਕੇਂਦਰੀ ਖੇੇਡ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ ਵੱਖ ਉਮਰ ਵਰਗ ਅਨੁਸਾਰ ਫ਼ਿਟਨੈਸ ਪ੍ਰੋਟੋਕੋਲ ਲਾਂਚ ਕੀਤੇ ਸਨ | ਇਹ ਪ੍ਰੋਟੋਕੋਲ ਵਿਸ਼ਵ ਸਿਹਤ ਸੰਸਥਾ ਵਲੋਂ ਪ੍ਰਮਾਣਤ ਹਨ ਅਤੇ ਕੌਮਾਂਤਰੀ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਗਏ ਹਨ | ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਫ਼ਿਟਨੈਸ ਮੰਤਰ ਵੀ ਦਿਤਾ ਹੈ | 'ਫ਼ਿਟਨੈਸ ਦੀ ਡੋਜ਼, ਅੱਧਾ ਘੰਟਾ ਰੋਜ਼' ਦੇ ਨਾਂ ਥੱਲੇ ਇਹ ਮੰਤਰ ਦਿਤਾ ਹੈ | ਉਨ੍ਹਾਂ ਕਿਹਾ ਕਿ ਜੇ ਅਸੀ ਚਾਹੁੰਦੇ ਹਾਂ ਸਾਡੇ ਨੌਜਵਾਨ ਕੌਮੀ ਨਿਰਮਾਣ ਵਿਚ ਯੋਗਦਾਨ ਦੇਣ ਤਾਂ ਉਨ੍ਹਾਂ ਦੀ ਫ਼ਿਟਨੈਸ ਯਕੀਨੀ ਕਰਨੀ ਹੋਵੇਗੀ | ਜਾਰੀ ਕੀਤਾ ਐਪ ਇਸ ਕੰਮ ਵਿਚ ਸਹਾਈ ਹੋਵੇਗਾ |