
ਗੁਰਪ੍ਰੀਤ ਦਾ ਨਾਂ ਹਟਾਉਣ ਦੇ ਆਦੇਸ਼ ਦੇ ਕੇ ਮਾਮਲਾ ਕੀਤਾ ਖ਼ਤਮ
ਨਵੀਂ ਦਿੱਲੀ, 29 ਅਕਤੂਬਰ (ਸੁਖਰਾਜ ਸਿੰਘ): ਪੰਜਾਬ ਨਾਭਾ ਜੇਲ 'ਚ ਬੰਦ ਗੁਰਪ੍ਰੀਤ ਸਿੰਘ ਗੋਪੀ ਨੂੰ ਅੱਜ ਦਿੱਲੀ ਦੀ ਅਦਾਲਤ ਵਲੋਂ ਇਕ ਮਾਮਲੇ 'ਚੋਂ ਰਾਹਤ ਮਿਲੀ ਹੈ। ਭੇਜੀ ਗਈ ਜਾਣਕਾਰੀ ਮੁਤਾਬਕ ਡੇਰਾ ਸਿਰਸਾ ਦੇ ਪ੍ਰੇਮੀ ਪਿਉ-ਪੁੱਤਰ ਦੇ ਹੋਏ ਕਤਲ ਦੇ ਮਾਮਲੇ 'ਚ ਪੁਰਾਣਾ ਆਰ ਸੀ ਨੰ. 23/17 ਅਤੇ ਨਵੀਂ ਐਨ.ਆਈ.ਏ ਦੀ ਐਫ.ਆਈ.ਆਰ ਨੰ. 13/17 ਯੂ.ਏ.ਪੀ.ਏ- 302 ਅਤੇ ਅਸਲੇ ਅਧੀਨ ਜੋ ਕਿ ਥਾਣਾ ਮਲੋਰ ਵਿਚ ਦਰਜ ਹੋਇਆ ਸੀ, ਉਸ ਵਿਚੋਂ ਅੱਜ ਦਿੱਲੀ ਦੀ ਐਨ.ਆਈ.ਏ ਅਦਾਲਤ ਨੇ ਨਾਮ ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਅੰਦਰ ਗੁਰਪ੍ਰੀਤ ਗੋਪੀ ਪਾਸੋਂ 2017 'ਚ ਪੁਛਗਿੱਛ ਲਈ ਵਾਰੰਟ ਭੇਜੇ ਗਏ ਸੀ ਤੇ ਜੇਲ ਰੀਕਾਰਡ ਅੰਦਰ ਇਸ ਦਾ ਨਾਮ ਵੀ ਮਾਮਲੇ 'ਚ ਬੋਲ ਰਿਹਾ ਸੀ। ਭੇਜੀ ਜਾਣਕਾਰੀ ਅਨੁਸਾਰ ਮਾਮਲੇ ਦੀ ਪੈਰਵਾਈ ਕਰ ਰਹੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਪਿਛਲੇ ਸਮੇਂ ਦੌਰਾਨ ਮੇਰੇ ਵਲੋਂ ਐਨ.ਆਈ.ਏ ਅਦਾਲਤ ਅੰਦਰ ਇਕ ਅਪੀਲ ਲਗਾ ਕੇ ਪੁਛਿਆ ਗਿਆ ਸੀ ਕਿ ਗੁਰਪ੍ਰੀਤ ਸਿੰਘ ਗੋਪੀ ਇਸ ਮਾਮਲੇ ਵਿਚ ਲੋੜੀਂਦਾ ਹੈ ਜਾਂ ਨਹੀ, ਜੇਕਰ ਹੈ ਤਾਂ ਦਸਿਆ ਜਾਵੇ ਤੇ ਜੇਕਰ ਲੋੜੀਂਦਾ ਨਹੀਂ ਹੈ ਤਾਂ ਇਸ ਦੇ ਮਾਮਲੇ ਨੂੰ ਖ਼ਾਰਜ ਕੀਤਾ ਜਾਵੇ, ਉਸ ਦੇ ਜੁਆਬ ਵਿਚ ਅੱਜ ਅਦਾਲਤ ਅੰਦਰ ਐਨ.ਆਈ.ਏ ਨੇ ਅਪਣੀ ਅਤੇ ਖੰਨਾ ਦੇ ਐਸ.ਐਸ.ਪੀ ਵਲੋਂ ਰੀਪੋਰਟ ਪੇਸ਼ ਕੀਤੀ ਗਈ ਜਿਸ ਵਿਚ ਦਸਿਆ ਗਿਆ ਕਿ ਗੁਰਪ੍ਰੀਤ ਗੋਪੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਨਹੀਂ ਕੀਤਾ ਤੇ ਨਾ ਹੀ ਚਲਾਨ ਪੇਸ਼ ਕੀਤਾ ਗਿਆ ਹੈ ਅਤੇ ਨਾਲ ਹੀ ਐਨ.ਆਈ.ਏ ਨੇ ਵੀ ਕਹਿ ਦਿੱਤਾ ਕਿ ਸਾਨੂੰ ਵੀ ਇਸ ਮਾਮਲੇ ਅੰਦਰ ਗੁਰਪ੍ਰੀਤ ਸਿੰਘ ਗੋਪੀ ਦੀ ਜਰੂਰਤ ਨਹੀਂ ਹੈ ਇਸ ਲਈ ਇਸ ਮਾਮਲੇ 'ਚੋਂ ਨਾਮ ਹਟਾਇਆ ਜਾਵੇ ਜਿਸ 'ਤੇ ਅਦਾਲਤ ਵਲੋਂ ਕਾਰਵਾਈ ਕਰਦਿਆਂ ਹੋਇਆਂ ਮਾਮਲੇ 'ਚੋਂ ਗੁਰਪ੍ਰੀਤ ਸਿੰਘ ਗੋਪੀ ਦਾ ਨਾਮ ਹਟਾਉਣ ਦੇ ਆਦੇਸ਼ ਜਾਰੀ ਕਰ ਕੇ ਮਾਮਲੇ ਨੂੰ ਖ਼ਤਮ ਕਰ ਦਿਤਾ ਗਿਆ। ਸ. ਮੰਝਪੁਰ ਵਲੋਂ ਅਦਾਲਤ ਅੰਦਰ ਅਪੀਲ ਸੰਤਬਰ 2019 ਵਿਚ ਲਗਾਈ ਗਈ ਸੀ ਜਿਸ ਦਾ ਇਕ ਸਾਲ ਬਾਅਦ ਅੱਜ ਨਿਬੇੜਾ ਹੋਇਆ ਹੈ।