
Qatar News: '18 ਦਸੰਬਰ ਕਤਰ ਦਾ ਰਾਸ਼ਟਰੀ ਦਿਵਸ ਹੈ। ਇਸ ਦਿਨ ਇੱਥੇ ਅਮੀਰ (ਸ਼ਾਸਕ) ਕੈਦੀਆਂ ਦੀ ਸਜ਼ਾ ਮਾਫ਼ ਕਰਦੇ ਹਨ'
Qatar News: ਕਤਰ ਦੀ ਅਦਾਲਤ ਦੁਆਰਾ 8 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹਨਾਂ ਨੂੰ ਬਚਾਉਣ ਲਈ ਭਾਰਤ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਕਾਨੂੰਨੀ, ਕੂਟਨੀਤਕ ਅਤੇ ਸਿਆਸੀ ਪੱਧਰ 'ਤੇ ਯਤਨ ਕਰ ਰਹੀ ਹੈ। ਪਰਿਵਾਰਕ ਸੂਤਰਾਂ ਨੇ ਦਸਿਆ 18 ਦਸੰਬਰ ਕਤਰ ਦਾ ਰਾਸ਼ਟਰੀ ਦਿਵਸ ਹੈ। ਇਸ ਦਿਨ ਇੱਥੇ ਅਮੀਰ (ਸ਼ਾਸਕ) ਕੈਦੀਆਂ ਦੀ ਸਜ਼ਾ ਮਾਫ਼ ਕਰਦੇ ਹਨ। ਅਜਿਹੇ 'ਚ ਅਗਲੇ 50 ਦਿਨ ਮਹੱਤਵਪੂਰਨ ਹਨ।
ਇਹ ਵੀ ਪੜ੍ਹੋ: Dharmendra Kiss Scene: ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਚ ਪਿਤਾ ਧਰਮਿੰਦਰ ਦੇ Kissing ਸੀਨ 'ਤੇ ਸਨੀ ਦਿਓਲ ਦਾ ਬਿਆਨ
ਦੱਸ ਦੇਈਏ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਨ੍ਹਾਂ ਕੈਦੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਅੱਠ ਭਾਰਤੀਆਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਨ੍ਹਾਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ 'ਤੇ ਕਤਰ 'ਚ ਜਾਸੂਸੀ ਦੇ ਦੋਸ਼ ਲੱਗੇ ਸਨ। ਉਨ੍ਹਾਂ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਾਲ ਹੀ ਵਿਚ ਕਤਰ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।
ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਅੱਜ ਸਵੇਰੇ ਕਤਰ ਦੀ ਜੇਲ ਵਿਚ ਬੰਦ ਅੱਠ ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਬਹੁਤ ਮਹੱਤਵ ਦਿੰਦੀ ਹੈ। ਸਰਕਾਰ ਸਾਰੇ ਪਰਿਵਾਰਾਂ ਦੀਆਂ ਚਿੰਤਾਵਾਂ ਅਤੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਰੇਖਾਂਕਿਤ ਕੀਤਾ ਕਿ ਸਰਕਾਰ ਉਨ੍ਹਾਂ ਦੀ ਰਿਹਾਈ ਲਈ ਯਤਨ ਜਾਰੀ ਰੱਖੇਗੀ। ਅਸੀਂ ਇਸ ਸਬੰਧੀ ਪਰਿਵਾਰਕ ਮੈਂਬਰਾਂ ਨਾਲ ਨਜ਼ਦੀਕੀ ਸਬੰਧ ਬਣਾ ਕੇ ਰੱਖਾਂਗੇ।
ਇਹ ਵੀ ਪੜ੍ਹੋ: Punjab Vigilance Bureau: ਵਿਜੀਲੈਂਸ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਮੌਕੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚੁੱਕੀ ਸਹੁੰ
ਜ਼ਿਕਰਯੋਗ ਹੈ ਕਿ ਦਰਅਸਲ, ਇਹ ਅੱਠ ਭਾਰਤੀ ਕਤਰ ਦੀ ਇੱਕ ਨਿੱਜੀ ਕੰਪਨੀ ਅਲ ਦਾਹਰਾ ਵਿੱਚ ਕੰਮ ਕਰਦੇ ਸਨ। ਕੰਪਨੀ ਦਾ ਕੰਮ ਕਤਰ ਦੀ ਜਲ ਸੈਨਾ ਦੀ ਸਿਖਲਾਈ ਅਤੇ ਲੌਜਿਸਟਿਕਸ ਵਿੱਚ ਮਦਦ ਕਰਨਾ ਸੀ ਪਰ ਪਿਛਲੇ ਸਾਲ ਅਗਸਤ ਵਿੱਚ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਜਾਸੂਸੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀਆਂ 'ਤੇ ਇਜ਼ਰਾਈਲ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਕਤਰ ਦੀ ਇਕ ਅਦਾਲਤ ਨੇ ਇਨ੍ਹਾਂ ਅੱਠ ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਨਾ ਤਾਂ ਕਤਰ ਦੇ ਅਧਿਕਾਰੀਆਂ ਅਤੇ ਨਾ ਹੀ ਭਾਰਤੀ ਅਧਿਕਾਰੀਆਂ ਨੇ ਇਹ ਜਨਤਕ ਕੀਤਾ ਹੈ ਕਿ ਉਨ੍ਹਾਂ 'ਤੇ ਅਸਲ ਦੋਸ਼ ਕੀ ਹਨ। ਕਤਰ ਦੀ ਅਦਾਲਤ ਦੇ ਫੈਸਲੇ 'ਤੇ ਭਾਰਤ ਨੇ ਯਕੀਨੀ ਤੌਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਫਾਂਸੀ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਹੈਰਾਨੀ ਪ੍ਰਗਟਾਈ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਸ ਮਾਮਲੇ ਨੂੰ ਬਹੁਤ ਮਹੱਤਵ ਦੇ ਰਹੇ ਹਨ ਅਤੇ ਸਾਰੇ ਕਾਨੂੰਨੀ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਸਮੇਂ ਦੁਨੀਆ ਭਰ ਦੀਆਂ ਜੇਲਾਂ ਵਿਚ 8,441 ਭਾਰਤੀ ਬੰਦ ਹਨ, ਜਿਨ੍ਹਾਂ ਵਿਚੋਂ 4630 ਖਾੜੀ ਦੇਸ਼ਾਂ ਵਿਚ ਹਨ। ਕਤਰ ਵਿਚ 696, ਬਹਿਰੀਨ ਵਿਚ 277, ਕੁਵੈਤ ਵਿਚ 446, ਓਮਾਨ ਵਿਚ 139, ਸਾਊਦੀ ਅਰਬ ਵਿੱਚ 1461 ਅਤੇ ਯੂਏਈ ਵਿਚ 1611 ਭਾਰਤੀ ਜੇਲਾਂ ਵਿਚ ਬੰਦ ਹਨ। ਕਈ ਮਾਮਲਿਆਂ ਵਿਚ ਇਨ੍ਹਾਂ ਕੈਦੀਆਂ ਨੂੰ ਆਪਣੇ ਜੁਰਮ ਦਾ ਪਤਾ ਵੀ ਨਹੀਂ ਹੁੰਦਾ।