
ਖੇਮ ਚੰਦ (31) ਅਤੇ ਪਵਨ ਕੁਮਾਰ (21) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Youth crushed by train Engine: ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਆ ਰਹੇ ਰੇਲਵੇ ਇੰਜਣ ਹੇਠਾਂ ਆਉਣ ਕਾਰਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਦੋ ਚਚੇਰੇ ਭਰਾਵਾਂ ਦੀ ਮੌਤ ਦੀ ਖ਼ਬਰ ਜਦੋਂ ਉਨ੍ਹਾਂ ਦੇ ਘਰ ਬਰੀਵਾਲਾ ਵਿਖੇ ਪੁੱਜੀ ਤਾਂ ਪ੍ਰਵਾਰਕ ਮੈਂਬਰਾਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਦੀਆਂ ਪੈ ਰਹੀਆਂ ਤਾਰਾਂ ਦੀ ਨਿਗਰਾਨੀ ਕਰ ਰਹੇ ਦੋ ਨੌਜਵਾਨ ਖੇਮ ਚੰਦ (31) ਪੁੱਤਰ ਪਿਰਥੀ ਰਾਜ ਅਤੇ ਪਵਨ ਕੁਮਾਰ (21) ਪੁੱਤਰ ਜਗਦੀਸ਼ ਕੁਮਾਰ ਵਾਸੀਆਨ ਨਹਿਰੂ ਬਸਤੀ, ਬਰੀਵਾਲਾ ਲਾਈਨਾਂ ਦੇ ਵਿਚਕਾਰ ਆ ਰਹੇ ਸਨ ਕਿ ਇਸ ਦੌਰਾਨ ਸਵੇਰੇ 5:45 ਵਜੇ ਦੇ ਕਰੀਬ ਪਿੰਡ ਵਾਂਦਰ ਜਟਾਣਾ ਕਿਲੋਮੀਟਰ ਨੰਬਰ-7 ਨੇੜੇ ਆ ਰਹੀ ਪਾਵਰ ਹੇਠਾਂ ਆ ਗਏ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੌਂਕੀ ਕੋਟਕਪੂਰਾ ਦੇ ਇੰਚਾਰਜ ਰਜਿੰਦਰ ਸਿੰਘ ਬਰਾੜ ਨੇ ਦਸਿਆ ਕਿ ਇਹ ਦੋਵੇਂ ਵਿਅਕਤੀ ਜੀ.ਆਈ. ਗਰੁੱਪ ਵਲੋਂ ਪਾਈਆਂ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਨਿਗਰਾਨੀ ਕਰਦਿਆਂ ਡਿਊਟੀ ਕਰ ਰਹੇ ਸਨ ਕਿ ਸਵੇਰੇ 5:45 ਵਜੇ ਦੇ ਕਰੀਬ ਹਨੇਰਾ ਹੋਣ ਕਾਰਨ ਇਨ੍ਹਾਂ ਨੂੰ ਆ ਰਹੇ ਇੰਜਣ ਦਾ ਪਤਾ ਨਹੀਂ ਲੱਗਾ। ਇਸ ਦੇ ਚਲਦਿਆਂ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ।
ਉਨ੍ਹਾਂ ਦਸਿਆ ਕਿ ਇਹ ਦੋਵੇਂ ਨੌਜਵਾਨ ਆਪਸ ’ਚ ਚਚੇਰੇ ਭਰਾ ਹਨ। ਉਨ੍ਹਾਂ ਦਸਿਆ ਕਿ ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀਆਂ ਜਾਣਗੀਆਂ।
For more news apart from Youth crushed by train Engine, stay tuned to Rozana Spokesman