
ਪਾਕਿਸਤਾਨ ਤੋਂ ਪਰਤਦਿਆਂ ਹੀ ਵਾਹਗਾ ਸਰਹੱਦ 'ਤੇ ਨਵਜੋਤ ਸਿੰਘ ਸਿੱਧੂ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਕਰਤਾਰਪੁਰ ਲਾਂਘੇ ਲਈ ਫਿਰ ਤੋਂ ਪਾਕਿਸਤਾਨ...
ਚੰਡੀਗੜ੍ਹ (ਭਾਸ਼ਾ) : ਪਾਕਿਸਤਾਨ ਤੋਂ ਪਰਤਦਿਆਂ ਹੀ ਵਾਹਗਾ ਸਰਹੱਦ 'ਤੇ ਨਵਜੋਤ ਸਿੰਘ ਸਿੱਧੂ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਕਰਤਾਰਪੁਰ ਲਾਂਘੇ ਲਈ ਫਿਰ ਤੋਂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ। ਉਥੇ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਕਰਤਾਰਪੁਰ ਲਾਂਘੇ ਸਮੇਤ ਹੋਰ ਬਾਰਡਰ ਖੁੱਲ੍ਹਣ ਨਾਲ ਦੋਵੇਂ ਪੰਜਾਬ 100 ਸਾਲ ਅੱਗੇ ਚਲੇ ਜਾਣਗੇ।
ਇਸ ਦੇ ਨਾਲ ਹੀ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਖਿਚਵਾਉਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਆਖਿਆ ਕਿ ਦਿਨ ਵਿਚ ਪਤਾ ਨਹੀਂ ਉਨ੍ਹਾਂ ਨਾਲ ਕਿੰਨੇ ਲੋਕ ਤਸਵੀਰਾਂ ਖਿਚਵਾਉਂਦੇ ਸਨ। ਉਨ੍ਹਾਂ ਨੂੰ ਨਹੀਂ ਪਤਾ ਚਾਵਲਾ ਕੌਣ ਐ ਅਤੇ ਚੀਮਾ ਕੌਣ ਐ? ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਸਨ।
ਜਿੱਥੇ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖਣ ਸਬੰਧੀ ਕਰਵਾਏ ਸਮਾਰੋਹ ਵਿਚ ਸ਼ਿਰਕਤ ਕੀਤੀ, ਪਰ ਇਸ ਦੌਰਾਨ ਖ਼ਾਲਿਸਤਾਨੀ ਸਮਰਥਕ ਨਾਲ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਵਿਰੋਧੀਆਂ ਵਲੋਂ ਇਕ ਵਾਰ ਫਿਰ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਜਾ ਰਿਹੈ।