
ਪੰਜਾਬ ਵਿਚ ਬੱਚੇ ਨੂੰ ਜਨਮ ਦੇਣ ਸਮੇਂ 1 ਲੱਖ ਵਿਚੋਂ 105 ਮਾਵਾਂ ਗਵਾਉਂਦੀਆਂ ਹਨ ਜਾਨ
ਨਵੀਂ ਦਿੱਲੀ: ਦੇਸ਼ ਵਿਚ ਗਰਭਵਤੀ ਔਰਤਾਂ ਲਈ ਪੋਸ਼ਣ ਖੁਰਾਕ ਸਬੰਧੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਦੇ ਬਾਵਜੂਦ ਦੇਸ਼ ਵਿਚ ਹਰ ਸਾਲ ਇੱਕ ਲੱਖ ਬੱਚੇ ਨੂੰ ਜਨਮ ਦੇਣ ਸਮੇਂ 97 ਮਾਵਾਂ ਮਰ ਰਹੀਆਂ ਸਨ ਪਰ ਹੁਣ ਇਸ ਮੌਤ ਦਰ ਵਿਚ ਕਮੀ ਦਰਜ ਕੀਤੀ ਗਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਪਿਛਲੇ ਜਨਮ ਸਮੇਂ ਹੋਣ ਵਾਲਿਆਂ ਮਾਵਾਂ ਦੀਆਂ ਮੌਤਾਂ ਦੀ ਦਰ 6 ਸਾਲਾਂ ਵਿਚ ਦੇਸ਼ ਵਿਚ 130 ਤੋਂ ਘੱਟ ਕੇ 97 ਤੱਕ ਪਹੁੰਚ ਗਈ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਵਿਚ ਬੱਚੇ ਨੂੰ ਜਨਮ ਦੇਣ ਸਮੇਂ 1 ਲੱਖ ਵਿਚੋਂ 105 ਮਾਵਾਂ ਜਾਨ ਗਵਾਉਂਦੀਆਂ ਹਨ।
ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਅਸਾਮ ਵਿਚ ਇਹ ਮੌਤ ਦਰ ਸਭ ਤੋਂ ਉਪਰ ਹੈ। ਜਾਣਕਾਰੀ ਅਨੁਸਾਰ ਅਸਾਮ ਵਿਚ ਸਭ ਤੋਂ ਵੱਧ ਮੌਤਾਂ (195 ਮੌਤਾਂ) ਹੋਈਆਂ ਹਨ। ਮੱਧ ਪ੍ਰਦੇਸ਼ ਦੂਜੇ ਨੰਬਰ ’ਤੇ ਹੈ (173 ਮੌਤਾਂ)। ਹਾਲਾਂਕਿ ਭਾਰਤ ਵਿਚ ਪਿਛਲੇ ਸਾਲਾਂ ਦੇ ਮੁਤਾਬਕ 2016-20 ਵਿਚ ਮੌਤਾਂ ਦੀ ਗਿਣਤੀ 130 ਤੋਂ ਘੱਟ ਕੇ 97 ਹੋ ਗਈ ਹੈ।
ਰਾਸ਼ਟਰੀ ਪੱਧਰ 'ਤੇ 0 ਤੋਂ 24 ਸਾਲ ਦੀ ਉਮਰ ਸਮੂਹ ਦੀਆਂ ਮਾਵਾਂ ਦੀ ਮੌਤ ਦੀ ਸਭ ਤੋਂ ਵੱਧ ਗਿਣਤੀ - 32 ਫ਼ੀਸਦ ਸੀ, ਇਸ ਤੋਂ ਬਾਅਦ 25-29 ਸਾਲਾਂ ਵਿਚ 30 ਪ੍ਰਤੀਸ਼ਤ ਅਤੇ 30 ਤੋਂ 34 ਸਾਲਾਂ ਵਿਚ 20 ਫ਼ੀਸਦੀ ਹੈ।
ਜਿਸ ਰਫਤਾਰ ਨਾਲ ਇਹ ਗਿਣਤੀ ਘਟ ਰਹੀ ਹੈ, ਯੂਨਾਈਟਿਡ ਨੇਸ਼ਨ ਦੇ ਟੀਚੇ ਨੂੰ ਪਾਉਣਾ ਮੁਸ਼ਕਲ ਹੋ ਸਕਦਾ ਹੈ। ਯੂਨਾਈਟਿਡ ਨੇਸ਼ਨ ਨੇ ਸਾਲ 2030 ਤੱਕ ਦੇਸ਼ ਵਿਚ ਹਰ ਇੱਕ ਲੱਖ 'ਤੇ ਮਾਵਾਂ ਦੇ ਮੌਤ ਦੀ ਗਿਣਤੀ ਨੂੰ 70 ਤੱਕ ਲਿਆਉਣ ਦਾ ਟੀਚਾ ਰੱਖਿਆ ਹੈ। ਦੇਸ਼ ਭਰ ਵਿਚ ਇਸ ਅੰਕੜੇ ਨੂੰ ਦੇਖਿਆ ਜਾਵੇ ਤਾਂ ਦੱਖਣੀ ਸੂਬੇ ਕੇਰਲ ਦੀ ਸਥਿਤੀ ਬਿਹਤਰ ਹੈ ਕਿਉਂਕਿ ਇਥੇ ਇੱਕ ਲੱਖ ਮੌਤਾਂ ਪਿੱਛੇ 19 ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਹੈ ਜਦਕਿ ਅਸਾਮ ਵਿਚ ਮੌਤਾਂ ਦਾ ਅੰਕੜਾ ਸਭ ਤੋਂ ਵੱਧ 195 ਹੈ। ਇਸ ਤਰ੍ਹਾਂ ਹੀ ਤੇਲੰਗਨਾ ਵਿਚ ਇਸ ਦੀ ਗਿਣਤੀ 43 ਅਤੇ ਆਂਦਰਾ ਪ੍ਰਦੇਸ਼ ਵਿਚ 45 ਹੈ।