
ਪੰਜਾਬ ਵਿਚ ਪੰਚਾਇਤੀ ਚੋਣਾਂ ਦੋ ਜਣਿਆਂ ਦੀ ਮੌਤ ਅਤੇ ਹਿੰਸਕ ਮਾਹੌਲ ਚ ਨੇਪਰੇ ਚੜ...
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਪੰਚਾਇਤੀ ਚੋਣਾਂ ਦੋ ਜਣਿਆਂ ਦੀ ਮੌਤ ਅਤੇ ਹਿੰਸਕ ਮਾਹੌਲ ਚ ਨੇਪਰੇ ਚੜ ਗਈਆਂ ਹਨ। ਪਹਿਲੀ ਘਟਨਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਹਿਠਾੜ ਦੇ ਪੋਲਿੰਗ ਬੂਥ ਉਤੇ ਵਾਪਰੀ। ਜਿਥੇ ਬੂਥ ਅੰਦਰ ਭਾਰੀ ਹੰਗਾਮਾ ਹੋਇਆ ਅਤੇ ਵੋਟਾਂ ਪਾ ਰਹੇ ਲੋਕਾਂ ਨਾਲ ਝੜਪ ਦੌਰਾਨ ਬਦਮਾਸ਼ਾਂ ਨੇ ਬੈਲੇਟ ਬਾਕਸ ਹੀ ਫੂਕ ਦਿਤਾ ਅਤੇ ਵਾਹਨ ਹੇਠ ਦਰੜ ਕੇ ਮਹਿੰਦਰ ਸਿੰਘ ਨਾਮੀਂ ਇਕ ਪਿੰਡ ਵਾਸੀ ਨੂੰ ਮਾਰ ਦਿਤਾ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਦੂਜੀ ਘਟਨਾ ਮੁਤਾਬਿਕ ਬਾਅਦ ਦੁਪਹਿਰ ਫਿਰੋਜਪੁਰ ਜ਼ਿਲ੍ਹੇ ਦੇ ਹੀ ਕੋਠੀ ਰਾਏ ਸਾਹਿਬ ਵਾਲੀ ਵਿੱਚ ਵੀ ਪੋਲਿੰਗ ਦੌਰਾਨ ਗੋਲ਼ੀ ਚੱਲਣ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ ਦਸੀ ਜਾ ਰਹੀ ਹੈ। ਇਸੇ ਜਿਲੇ ਦੇ ਪਿੰਡ ਖੁੰਦਰ ਉਤਾੜ 'ਚ ਪੋਲਿੰਗ ਦੌਰਾਨ ਗੋਲ਼ੀ ਚੱਲੀ।
ਇੱਥੇ ਦੋ ਗਰੁੱਪਾਂ ਵਿੱਚ ਝੜਪ ਹੋਈ ਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਇਲਾਵਾ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਚਾਰ, ਪਿੰਡ ਹਰੀਏ ਵਾਲਾ ਵਿੱਚ, ਮੋਗਾ ਜ਼ਿਲ੍ਹੇ ਦੇ ਪਿੰਡ ਬਹਿਰਾਮ, ਪਿੰਡ ਦੀਨਾ, ਗੁਰਦਾਸਪੁਰ ਜਿਲੇ ਦੇ ਪਿੰਡ ਬਜ਼ੁਰਗਵਾਲ , ਪਿੰਡ ਸ਼ਕਰੀ, ਪਿੰਡ ਨੱਡਾ ਵਾਲੀ, ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਖਾਨਫੱਤਾ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੋਜੀਆਂ,
ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਦੇਹ, ਪਿੰਡ ਭਿੱਟੇਵਿੰਡ, ਹਲਕਾ ਮਜੀਠਾ ਦੇ ਪਿੰਡ ਮਾਨ , ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਚੜ੍ਹਤਪੁਰ ਤੇ ਮੱਕੋਵਾਲ , ਬਰਨਾਲਾ ਜ਼ਿਲ੍ਹੇ ਦੇ ਪਿੰਡ ਉੱਗੋਕੇ, ਮੁਹਾਲੀ ਜਿਲੇ ਦੇ ਪਿੰਡ ਦਾਊਂ, ਸ਼ਾਮਪੁਰਾ ਆਦਿ ਵਿਚ ਵੀ ਚੋਣ ਹਿੰਸਾ, ਫਾਇਰਿੰਗ, ਬੂਥ ਕੈਪਚਰਿੰਗ ਦੀ ਕੋਸਿਸ , ਇੱਟਾਂ ਵਟੇ ਚਲੇ ਹੋਣ ਦੀਆਂ ਖਬਰਾਂ ਹਨ।