ਭਗਵੰਤ ਮਾਨ ਹਰ ਸਮੇਂ ਨਸ਼ੇ 'ਚ ਰਹਿੰਦਾ ਹੈ, ਇਸ ਲਈ ਉਸ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ।
ਜਲੰਧਰ— ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਦੀ ਨਿੰਦਾ ਕਰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਅਕਤੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 'ਚ ਬੈਠਾ ਹੈ, ਜਿੱਥੇ ਲੋਕਾਂ ਲਈ ਯੋਜਨਾਵਾਂ ਅਤੇ ਕਾਨੂੰਨ ਬਣਦੇ ਹਨ। ਭਗਵੰਤ ਮਾਨ ਹਰ ਸਮੇਂ ਨਸ਼ੇ 'ਚ ਰਹਿੰਦਾ ਹੈ, ਇਸ ਲਈ ਉਸ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਅੰਦਰ 'ਮਾਨ' ਨਹੀਂ ਸਗੋਂ ਉਸ ਦੇ ਅੰਦਰ ਸ਼ਰਾਬ ਬੋਲਦੀ ਹੈ, ਇਸ ਲਈ ਸ਼ਰਾਬੀ ਆਦਮੀ ਨੂੰ ਮੁਆਫ ਕਰ ਦੇਣਾ ਹੀ ਸਹੀ ਹੈ।
ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਧਰਮ ਨਗਰੀ ਕੁਰੂਕਸ਼ੇਤਰ ਦੇ ਬੈਕੁੰਠ ਧਾਮ ਗੁਰਦੁਆਰੇ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਇਕ ਖੂਨਦਾਨ ਕੈਂਪ 'ਚ ਪਹੁੰਚੇ ਸਨ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬਹੁਤ ਹੀ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਹੈ। ਉਥੇ ਹੀ ਸੀ. ਏ. ਏ. ਅਤੇ ਐੱਨ. ਆਰ. ਸੀ. ਨੂੰ ਲੈ ਕੇ ਮਚੇ ਬਵਾਲ 'ਤੇ ਚੰਦੂਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਖ ਲੈਂਦੇ ਕਿਹਾ ਕਿ ਇਸ ਬਿਲ 'ਚ ਕੁਝ ਅਜਿਹਾ ਨਹੀਂ ਹੈ, ਜਿਸ ਦਾ ਵਿਰੋਧ ਕੀਤਾ ਜਾਵੇ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਕਾਂਗਰਸ ਨੇ ਵੀ ਕਈ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਹੈ,
ਜਿਸ 'ਤੇ ਕਿਸੇ ਨੇ ਵੀ ਸਵਾਲ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਕਾਂਗਰਸ ਜੋ ਕਹੇ ਉਹ ਸਹੀ ਅਤੇ ਜੇਕਰ ਅਸੀਂ ਕੁਝ ਕਹੀਏ ਤਾਂ ਉਹ ਗਲਤ। ਉਨ੍ਹਾਂ ਕਿਹਾ ਕਿ ਇਸ ਬਿਲ ਨਾਲ ਕਿਸੇ ਨੂੰ ਵੀ ਨੁਕਸਾਨ ਨਹੀਂ ਹੋਵੇਗਾ, ਸਗੋਂ ਇਹ ਪੀੜਤ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਦੀ ਇਕ ਪ੍ਰਕਿਰਿਆ ਹੈ।