
ਸਵੇਰੇ 7 ਵਜੇ ਤੋਂ ਜਾਰੀ ਧਰਨਾ ਸ਼ਾਮ 4 ਵਜੇ ਕੀਤਾ ਸਮਾਪਤ
Punjab Bandh Sarwan singh pandher Press conference News: ਪੰਜਾਬ 'ਚ ਕਿਸਾਨਾਂ ਨੇ 4 ਵਜੇ ਸੜਕਾਂ 'ਤੇ ਧਰਨਾ ਖ਼ਤਮ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਸੜਕਾਂ ਖਾਲੀ ਕਰਨ ਤੋਂ ਬਾਅਦ ਆਵਾਜਾਈ ਆਮ ਵਾਂਗ ਹੋ ਗਈ ਹੈ। ਪੰਜਾਬ ਵਿਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਕਾਫ਼ੀ ਅਸਰ ਦੇਖਣ ਨੂੰ ਮਿਲਿਆ। ਬਾਜ਼ਾਰ ਬੰਦ ਰਹੇ। ਨਾਲ ਹੀ ਰੇਲਵੇ ਟਰੈਕ 'ਤੇ ਕਈ ਥਾਵਾਂ 'ਤੇ ਕਿਸਾਨ ਬੈਠੇ ਰਹੇ, ਜਿਸ ਕਾਰਨ ਰੇਲ ਸੇਵਾਵਾਂ ਵੀ ਬੰਦ ਰਹੀਆਂ। ਪੰਜਾਬ ਬੰਦ ਤੋਂ ਬਾਅਦ ਕਿਸਾਨਾਂ ਦੀ ਵੱਡੀ ਪ੍ਰੈੱਸ ਕਾਨਫ਼ਰੰਸ ਕੀਤੀ।
ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਪੰਜਾਬ ਬੰਦ ਸਫ਼ਲ ਹੋਇਆ ਹੈ। ਲੋਕਾਂ ਨੇ 'ਪੰਜਾਬ ਬੰਦ' ਦੇ ਸੱਦੇ ਦਾ ਪੂਰਨ ਸਮਰਥਨ ਕੀਤਾ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੈ। ਸਾਨੂੰ ਕਿਤੇ ਵੀ ਦੁਕਾਨ ਜ਼ਬਰਦਸਤੀ ਬੰਦ ਕਰਵਾਉਣੀ ਨਹੀਂ ਪਈ।
ਅਸੀਂ ਲਾੜਾ -ਲਾੜੀ ਨੂੰ ਖੱਜਲ ਖੁਆਰ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਸ਼ਗਨ ਦੇ ਕੇ ਬਰਾਤ ਨੂੰ ਰਵਾਨਾ ਕੀਤਾ। ਐਂਬੂਲੈਂਸ ਨੂੰ ਰਸਤਾ ਦਿੱਤਾ। ਏਅਰਪੋਰਟ 'ਤੇ ਜਾਣ ਵਾਲੇ ਲੋਕਾਂ ਨੂੰ ਰਸਤਾ ਦਿੱਤਾ। ਪੂਰੀ ਸ਼ਾਂਤੀਪੂਰਵਕ ਢੰਗ ਨਾਲ ਪੰਜਾਬ ਬੰਦ ਰਿਹਾ।
ਜਗਜੀਤ ਡੱਲੇਵਾਲ ਦੇ ਮਰਨ ਵਰਤ ਨੇ ਪੰਜਾਬੀਆਂ ਦੇ ਦਿਲ ਜਿੱਤੇ ਹਨ। ਪੰਜਾਬ ਬੰਦ ਦੇ ਸੱਦੇ ਨਾਲ ਭਾਜਪਾ ਨੂੰ ਬਹੁਤ ਨੁਕਸਾਨ ਹੋਇਆ ਹੋਣਾ। ਚੰਡੀਗੜ੍ਹ ਦਾ 43 ਬੱਸ ਸਟੈਂਡ ਵੀ ਬੰਦ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਦੌਰਾਨ ਜੇ ਕਿਸੇ ਨੂੰ ਮੁਸ਼ਕਿਲ ਆਈ ਹੋਵੇ ਤਾਂ ਅਸੀਂ ਮੁਆਫ਼ੀ ਮੰਗਦੇ ਹਾਂ। ਅਸੀਂ ਆਪਣੀਆਂ ਮੰਗਾਂ ਲਈ ਨਹੀਂ ਬੈਠੇ ਸਗੋਂ ਦੇਸ਼ ਦੀਆਂ ਮੰਗਾਂ ਲਈ ਬੈਠੇ ਹਾਂ।