
ਕੇਂਦਰ ਦੀਆਂ ਚਾਲਾਂ ਦਾ ਜਵਾਬ ਸ਼ਾਂਤਮਈ ਅੰਦੋਲਨ ਜਾਰੀ ਰੱਖਣ ਨਾਲ ਹੀ ਦਿਤਾ ਜਾ ਸਕਦੈ: ਢੀਂਡਸਾ
ਚੰਡੀਗੜ੍ਹ, 30 ਜਨਵਰੀ (ਸੁਰਜੀਤ ਸਿੰਘ ਸੱਤੀ) ਸ੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ ) ਨੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਮੁੜ ਕਿਸਾਨਾਂ ਅਤੇ ਅਪਣੇ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਮੋਰਚੇ ’ਤੇ ਪੁੱਜਣ ਦਾ ਸੁਨੇਹਾ ਦਿਤਾ ਹੈ। ਪਾਰਟੀ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਦਿੱਲੀ ਮੋਰਚਾ ਮੁੜ ਸਿਖ਼ਰ ’ਤੇ ਲੈ ਕੇ ਜਾਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਮਬੰਦੀ ਤੇਜ਼ ਕਰ ਦਿਤੀ ਹੈ।
ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਦਸਿਆ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਵਾਪਰੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਅਤੇ ਅਪਣੀ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਮੋਰਚੇ ’ਤੇ ਪੁੱਜਣ ਦੀ ਅਪੀਲ ਕੀਤੀ ਹੈ ਜਿਸ ਦੇ ਬਾਅਦ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਵਿਚ ਸਹਿਯੋਗ ਕਰਨ ਲਈ ਅੰਦੋਲਨ ਵਿਚ ਸ਼ਾਮਲ ਹੋ ਗਏ ਹਨ ਅਤੇ ਕੁੱਝ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿਤੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਹਾਲਾਤ ਕਾਫ਼ੀ ਨਾਜ਼ੁਕ ਹੋ ਚੁੱਕੇ ਹਨ ਅਤੇ ਕੇਂਦਰ ਸਰਕਾਰ ਹੁਣ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੋਝੇ ਹੱਥਕੰਡੇ ਇਸਤੇਮਾਲ ਕਰਨ ’ਤੇ ਉਤਰ ਆਈ ਹੈ ਅਤੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅਪਣੀ ਤਾਕਤ ਨਾਲ ਭਜਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਭਾੜੇ ਦੇ ਗੁੰਡਿਆਂ ਤੋਂ ਕਿਸਾਨਾਂ ’ਤੇ ਹਮਲਾ ਕਰਵਾ ਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਅਤੇ ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਦੀ ਸਾਜਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿਚ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀ ਸਾਰੇ ਸੰਘਰਸ਼ੀਲ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨਾਲ ਜਾ ਕੇ ਖੜ੍ਹੀਏ। ਸ: ਢੀਂਡਸਾ ਨੇ ਕਿਹਾ ਕਿ 26 ਜਨਵਰੀ ’ਤੇ ਦਿੱਲੀ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਇੰਟਰਨੈਟ ਸੇਵਾਵਾਂ ਬੰਦ ਹੋਣ ਕਰ ਕੇ ਪਾਰਟੀ ਵਰਕਰਾਂ ਨਾਲ ਉਨ੍ਹਾਂ ਦਾ ਪੂਰਾ ਸੰਪਰਕ ਨਹÄ ਹੋ ਸਕਿਆ ਸੀ ਅਤੇ ਇਸ ਦੌਰਾਨ ਕੁੱਝ ਵਰਕਰ ਵਾਪਸ ਆ ਗਏ ਸਨ। ਉਨ੍ਹਾਂ ਨੇ ਅਪਣੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮੁੜ ਦਿੱਲੀ ਮੋਰਚੇ ’ਤੇ ਪਹੁੰਚ ਕੇ ਕਿਸਾਨਾਂ ਦੀ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ।