
ਕਰੀਬ 30 ਸਕਿੰਟਾਂ ਵਿਚ ਜਵਾਨਾਂ ਨੇ ਆਵਾਜ਼ ਵੱਲ 14 ਰਾਉਂਡ ਫਾਇਰ ਕੀਤੇ
ਗੁਰਦਾਸਪੁਰ - ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਬੁੱਧਵਾਰ ਨੂੰ ਗੁਰਦਾਸਪੁਰ ਦਾ ਦੌਰਾ ਕਰਨ ਜਾ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਗੁਰਦਾਸਪੁਰ 'ਚ ਅੱਜ ਸਰਹੱਦ 'ਤੇ ਡਰੋਨ ਦੀ ਆਵਾਜਾਈ ਦੇਖੀ ਸੀ। ਸੁਰੱਖਿਆ ਦੇ ਮੱਦੇਨਜ਼ਰ ਬੀਐਸਐਫ ਅਤੇ ਪੁਲਿਸ ਵੱਲੋਂ ਸਰਹੱਦ 'ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨ ਗੁਰਦਾਸਪੁਰ ਸੈਕਟਰ ਵਿਚ ਗਸ਼ਤ ’ਤੇ ਸਨ। ਅੱਧੀ ਰਾਤ ਨੂੰ ਗੁਰਦਾਸਪੁਰ ਅਧੀਨ ਪੈਂਦੇ ਅੱਡਾ ਚੌਕੀ ਤੋਂ ਡਰੋਨਾਂ ਦੀ ਘੁਸਪੈਠ ਦੇਖਣ ਨੂੰ ਮਿਲੀ। ਬੀਐਸਐਫ ਜਵਾਨਾਂ ਨੇ ਡਰੋਨ ਦੀ ਹਰਕਤ ਸੁਣਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਰੀਬ 30 ਸਕਿੰਟਾਂ ਵਿਚ ਜਵਾਨਾਂ ਨੇ ਆਵਾਜ਼ ਵੱਲ 14 ਰਾਉਂਡ ਫਾਇਰ ਕੀਤੇ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨੀ ਸਰਹੱਦ ਵੱਲ ਪਰਤਿਆ।
Banwarilal Purohit
ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਭਲਕੇ ਗੁਰਦਾਸਪੁਰ ਪਹੁੰਚ ਰਹੇ ਹਨ। ਇਸ ਦੌਰਾਨ ਉਹ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਮੈਂਬਰਾਂ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਲਈ ਇਸ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਰਾਜਪਾਲ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦਾ ਦੌਰਾ ਵੀ ਕੀਤਾ ਸੀ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਡਰੋਨ ਦੀ ਆਵਾਜਾਈ ਚਿੰਤਾ ਦਾ ਵਿਸ਼ਾ ਹੈ।
ਸੁਰੱਖਿਆ ਦੇ ਮੱਦੇਨਜ਼ਰ ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਬੀਐਸਐਫ ਜਵਾਨਾਂ ਦੀ ਚੌਕਸੀ ਕਾਰਨ ਇੱਕ ਵਾਰ ਫਿਰ ਪਾਕਿ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ।
ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਫਿਰੋਜ਼ਪੁਰ ਸੈਕਟਰ ਵਿਚ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਖੇਪ ਦਾ ਕੁੱਲ ਵਜ਼ਨ 3 ਕਿਲੋਗ੍ਰਾਮ ਹੈ। ਬੀਐਸਐਫ ਜਵਾਨਾਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਸੈਕਟਰ ਵਿਚ ਭਾਰਤ-ਪਾਕਿ ਸਰਹੱਦ ਦੇ ਨਾਲ ਬੀਓਪੀ ਮੋਬੋਕੇ ਤੋਂ ਇਹ ਖੇਪ ਜ਼ਬਤ ਕੀਤੀ ਗਈ ਹੈ। ਇਸ ਨੂੰ ਪੋਲੀਥੀਨ ਬੈਗ ਵਿਚ ਸੁੱਟ ਦਿੱਤਾ ਗਿਆ ਸੀ।