
ਹੁਣ ਭਾਨਾ ਸਿੱਧੂ ਨੂੰ 14 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ
Bhana Sidhu News: ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਭਾਨਾ ਸਿੱਧੂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਵਲੋਂ ਭਾਨਾ ਸਿੱਧੂ ਨੂੰ 14 ਦਿਨਾਂ ਤਕ ਨਿਆਂਇਕ ਹਿਰਾਸਤ ਭੇਜਣ ਦੇ ਹੁਕਮ ਸੁਣਾਏ ਗਏ। ਹੁਣ ਭਾਨਾ ਸਿੱਧੂ ਨੂੰ 14 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਇਸ ਦੌਰਾਨ ਉਹ ਪਟਿਆਲਾ ਜੇਲ ਵਿਚ ਰਹਿਣਗੇ।
ਭਾਨਾ ਸਿੱਧੂ ਅਤੇ ਅਮਨ ਸਿੱਧੂ ਨੂੰ ਮੁਹਾਲੀ ਦੇ ਥਾਣਾ ਫੇਜ਼ 1 ਵਿਚ ਮੁਕਦਮਾ ਨੰਬਰ 9/24 ’ਤੇ ਆਈਪੀਸੀ ਦੀ ਧਾਰਾ 294, 387, 506 ਤਹਿਤ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਚਲਦਿਆਂ ਉਸ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਫੇਜ਼ 5 ਦੀ ਇਕ ਇਮੀਗ੍ਰੇਸ਼ਨ ਮਾਲਕ ਦੀ ਸ਼ਿਕਾਇਤ ਮਗਰੋਂ ਇਹ ਕਾਰਵਾਈ ਹੋਈ ਹੈ।
ਇਸ ਤੋਂ ਪਹਿਲਾਂ ਲੁਧਿਆਣਾ ਵਿਚ ਇਕ ਮਹਿਲਾ ਟਰੈਵਲ ਏਜੰਟ ਨੇ ਉਸ ਦੇ ਵਿਰੁਧ ਧਰਨਾ ਚੁੱਕਣ ਬਦਲੇ 10,000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਬਾਅਦ ਵਿਚ ਭਾਨਾ ਸਿੱਧੂ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ। ਇਸ ਤੋਂ ਪਹਿਲਾਂ ਹੀ ਭਾਨਾ ਸਿੱਧੂ ਵਿਰੁਧ ਇਕ ਹੋਰ ਮਾਮਲਾ ਦਰਜ ਹੋ ਗਿਆ।
ਇਸ ਤੋਂ ਇਲਾਵਾ ਅਬੋਹਰ ਦੇ ਥਾਣਾ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਬਲੈਕਮੇਲ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਵੀ ਪੁਲਿਸ ਨੇ ਭਾਨਾ ਸਿੱਧੂ ਅਤੇ ਦੋ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਉਧਰ ਬਰਨਾਲਾ ’ਚ ਭਾਨਾ ਸਿੱਧੂ ਦੇ ਪਿੰਡ ਕੋਟ-ਦੁਨਾ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਦਾ ਇਕੱਠ ਹੋਇਆ। ਇਸ ਦੌਰਾਨ ਲੱਖਾ ਸਿਧਾਣਾ, ਜਗਦੀਪ ਰੰਧਾਵਾ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਪਰਮਿੰਦਰ ਸਿੰਘ ਝੋਟਾ ਅਤੇ ਹੋਰ ਕਈ ਲੋਕ ਸ਼ਾਮਲ ਹੋਏ। ਦੱਸ ਦੇਈਏ ਕਿ ਭਾਨਾ ਸਿੱਧੂ ਦੇ ਹੱਕ ’ਚ 29 ਜਨਵਰੀ ਨੂੰ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।