
ਪ੍ਰਤਾਪ ਸਿੰਘ ਬਾਜਵਾ ਦੀ ਹਾਈਕਮਾਂਡ ਨੂੰ ਸਲਾਹ
ਕਰਨਲ ਨੂੰ ਜਨਰਲ ਬਣਾਉਗੇ ਤਾਂ ਅਨੁਸ਼ਾਸਨ ਭੰਗ ਹੋਵੇਗਾ'
ਚੰਡੀਗੜ੍ਹ, 30 ਮਾਰਚ (ਸਸਸ): ਪੰਜਾਬ ਕਾਂਗਰਸ ਵਿਚ ਨਵੇਂ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ | ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਹਾਈਕਮਾਂਡ ਨੂੰ ਸਲਾਹ ਦਿਤੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਅਸਾਮੀਆਂ 'ਤੇ ਨਿਯੁਕਤੀਆਂ ਕਰਨ ਸਮੇਂ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ | ਇਨ੍ਹਾਂ ਵਿਚ ਸੀਨੀਆਰਤਾ, ਵਫ਼ਾਦਾਰੀ ਅਤੇ ਯੋਗਤਾ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਜੇਕਰ ਕਰਨਲ ਨੂੰ ਜਨਰਲ ਬਣਾਇਆ ਜਾਂਦਾ ਹੈ ਤਾਂ ਅਨੁਸ਼ਾਸਨ ਦੀ ਉਲੰਘਣਾ ਹੋਵੇਗੀ | ਇਸ ਨਾਲ ਹੀ ਡਰਬੀ ਦੀ ਦੌੜ ਵਿਚ ਸਾਨੂੰ ਦੇਸੀ ਦੀ ਬਜਾਏ ਅਰਬੀ ਘੋੜੇ ਭਜਾਉਣੇ ਚਾਹੀਦੇ ਹਨ | ਦੇਸੀ ਘੋੜੇ ਭਜਾਉਗੇ ਤਾਂ ਸੱਭ ਤੋਂ ਪਿੱਛੇ ਰਹਿ ਜਾਉਗੇ |
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵੇਂ ਵਿਅਕਤੀ ਨੂੰ ਪ੍ਰਧਾਨ ਬਣਾਉਣ ਨਾਲ ਪਾਰਟੀ 'ਚ ਅਨੁਸ਼ਾਸਨ ਨਹੀਂ ਰਹਿੰਦਾ | ਉਨ੍ਹਾਂ ਕਿਹਾ ਕਿ ਇਕ ਅਸਲੀ ਕਾਂਗਰਸੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਵਿਰੋਧੀ ਪਾਰਟੀ ਦਾ ਨੇਤਾ ਬਣਾਇਆ ਜਾਣਾ ਚਾਹੀਦਾ ਹੈ | ਅਜਿਹਾ ਨਾ ਹੋਵੇ ਕਿ ਪਾਰਟੀਆਂ ਬਦਲਣ ਵਾਲੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਦਿਤੀ ਜਾਵੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸੀਆਂ ਵਜੋਂ ਕੰਮ ਕੀਤਾ ਹੈ, ਉਨ੍ਹਾਂ ਦੀ ਸੀਨੀਆਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਮੌਕਾ ਦਿਤਾ ਜਾਣਾ ਚਾਹੀਦਾ ਹੈ | ਬਾਜਵਾ ਦੀ ਇਹ ਗੱਲ ਅਹਿਮ ਹੈ ਕਿਉਂਕਿ ਨਵਜੋਤ ਸਿੱਧੂ ਮੁੜ ਪ੍ਰਧਾਨਗੀ ਲਈ ਜ਼ੋਰ ਲਗਾ ਰਹੇ ਹਨ | ਪੰਜਾਬ 'ਚ ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸਿੱਧੂ ਦਾ ਅਸਤੀਫ਼ਾ ਲੈ ਲਿਆ ਸੀ | ਹਾਲਾਂਕਿ ਸਿੱਧੂ ਫਿਰ ਤੋਂ ਸਰਗਰਮ ਹੋ ਗਏ ਹਨ | ਉਹ ਕਾਂਗਰਸੀਆਂ ਨਾਲ ਮੀਟਿੰਗ ਕਰ ਰਹੇ ਹਨ | ਇਸ ਨਾਲ ਹੀ ਕਾਂਗਰਸੀ ਵਰਕਰਾਂ ਤੋਂ ਇਲਾਵਾ ਉਨ੍ਹਾਂ ਨੇ ਫਿਰ ਤੋਂ ਬੇਅਦਬੀ ਦਾ ਮੁੱਦਾ ਉਠਾਉਣਾ ਸ਼ੁਰੂ ਕਰ ਦਿਤਾ ਹੈ |