
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਵਿਅਕਤੀ ਟੈਂਕੀ ’ਤੇ ਚੜ੍ਹੇ
ਮਹਿਲ ਕਲਾਂ, 30 ਮਾਰਚ (ਗੁਰਮੁੱਖ ਸਿੰਘ ਹਮੀਦੀ) : ਹਲਕਾ ਮਹਿਲ ਕਲਾਂ ਦੇ ਪਿੰਡ ਨਿਹਾਲੂਵਾਲ ਵਿਖੇ ਦੋ ਵਿਅਕਤੀਆਂ ਵਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਮਲਕੀਤ ਸਿੰਘ ਪੰਡੋਰੀ ਤੇ ਬਸੰਤ ਸਿੰਘ ਗੋਬਿੰਦਗੜ੍ਹ ਨੇ ਦਸਿਆ ਕਿ ਉਨ੍ਹਾਂ ਦਾ ਪਿੰਡ ਨਿਹਾਲੂਵਾਲ ਦੇ ਇਕ ਵਿਅਕਤੀ ਨਾਲ ਪੈਸੇ ਦੇ ਲੈਣ-ਦੇਣ ਦਾ ਪਿਛਲੇ 6 ਸਾਲਾਂ ਤੋਂ ਵਿਵਾਦ ਚਲਿਆ ਆ ਰਿਹਾ ਸੀ। ਉਹ ਇਸ ਮਸਲੇ ਦੇ ਹੱਲ ਲਈ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਚੁੱਕੇ ਸਨ, ਪਰ ਮਸਲਾ ਹੱਲ ਨਹੀਂ ਹੋਇਆ ਜਿਸ ਕਰ ਕੇ ਮਜਬੂਰਨ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ’ਤੇ ਚੜ੍ਹਨਾ ਪਿਆ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੈਸੇ ਤੁਰਤ ਵਾਪਸ ਕਰਵਾਏ ਜਾਣ। ਇਸ ਮੌਕੇ ਐਸਐਚਓ ਮਹਿਲ ਕਲਾਂ ਗੁਰਮੇਲ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਤਾ ਜਾਵੇਗਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਦੇ ਪੈਸੇ ਦੱਬਣ ਵਾਲੇ ਲੋਕਾਂ ਵਿਰੁਧ ਸਖ਼ਤੀ ਨਾਲ ਨਜਿਠਿਆ ਜਾਵੇਗਾ ਉਤੇ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਣ ਦਿਤਾ ਜਾਵੇਗਾ। ਪੀੜਤਾਂ ਨੇ ਕਿਹਾ ਕਿ ਵਿਧਾਇਕ ਅਤੇ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਹੀ ਅਪਣਾ ਰੋਸ ਪ੍ਰਦਰਸ਼ਨ ਵਾਪਸ ਲਿਆ ਹੈ।