
ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਈ ਜ਼ਿਮਨੀ ਚੋਣਾਂ ਦੇ ਆਏ ਨਤੀਜੇ 'ਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ....
ਜਲੰਧਰ/ਸ਼ਾਹਕੋਟ/ਮਲਸੀਆਂ, (ਸਟਾਫ ਰਿਪੋਰਟਰ, ਸੁਦੇਸ਼ , ਏ.ਐਸ. ਅਰੋੜਾ): ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਈ ਜ਼ਿਮਨੀ ਚੋਣਾਂ ਦੇ ਆਏ ਨਤੀਜੇ 'ਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੱਡੀ ਲੀਡ ਨਾਲ ਜਿੱਤ ਦਰਜ ਕਰ ਕੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਕਿਲ੍ਹਾ ਵੀ ਢਹਿ-ਢੇਰੀ ਕਰ ਦਿਤਾ ਹੈ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਤੋਂ ਬਾਅਦ ਹਲਕਾ ਸ਼ਾਹਕੋਟ 'ਚ 28 ਮਈ ਨੂੰ ਜ਼ਿਮਨੀ ਚੋਣ ਕਰਵਾਈ ਗਈ ਸੀ। ਇਸ ਚੋਣ ਦੌਰਾਨ ਵੱਖ-ਵੱਖ ਪਾਰਟੀਆਂ ਦੇ 12 ਉਮੀਦਵਾਰ, ਜਿਨ੍ਹਾਂ 'ਚ ਕਾਂਗਰਸ ਵਲੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਾਇਬ ਸਿੰਘ ਕੋਹਾੜ, ਆਮ ਆਦਮੀ ਪਾਰਟੀ ਵਲੋਂ ਰਤਨ ਸਿੰਘ ਕਾਕੜ ਕਲਾਂ ਅਤੇ ਹੋਰ ਕਈ ਚੋਣ ਮੈਦਾਨ ਵਿਚ ਸਨ।
ਇਸ ਚੋਣ ਦੌਰਾਨ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਵਿਚ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਸੀ। 31 ਮਈ ਨੂੰ ਐਲਾਨੇ ਗਏ ਨਤੀਜੇ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ਵਿਚ 82,747 ਵੋਟਰਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ 43,945 ਵੋਟਰਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ।
ਇਸ ਚੋਣ 'ਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਅਪਣੇ ਵਿਰੋਧੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 38,802 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿਚ 1900, ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਸਤਨਾਮ ਸਿੰਘ ਮਲਸੀਆਂ ਦੇ ਹੱਕ ਵਿਚ 505,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੁਲੱਖਣ ਸਿੰਘ ਨਿਮਾਜ਼ੀਪੁਰ ਦੇ ਹੱਕ 'ਚ 937, ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ ਦੀ ਪਰਮਜੋਤ ਦੇ ਹੱਕ 'ਚ 118, ਜਦਕਿ ਅਜ਼ਾਦ ਉਮੀਦਵਾਰ ਸੱਤਪਾਲ ਸਿੰਘ ਦੇ ਹੱਕ 'ਚ 67, ਅਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਦੇ ਹੱਕ 'ਚ 76, ਅਜ਼ਾਦ ਉਮੀਦਵਾਰ ਨਾਇਬ ਸਿੰਘ ਦੇ ਹੱਕ 'ਚ 81, ਅਜ਼ਾਦ ਉਮੀਦਵਾਰ ਮਨੋਹਰ ਲਾਲ ਦੇ ਹੱਕ 'ਚ 132, ਅਜ਼ਾਦ ਉਮੀਦਵਾਰ ਮਲਕੀਤ ਸਿੰਘ ਦੇ ਹੱਕ 'ਚ 218 ਅਤੇ ਅਜ਼ਾਦ ਉਮੀਦਵਾਰ ਰਾਜੇਸ਼ ਕੁਮਾਰ ਦੇ ਹੱਕ 'ਚ 391 ਵੋਟਰਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ।
ਇਸ ਤੋਂ ਇਲਾਵਾ 1268 ਵੋਟਰਾਂ ਨੇ ਨੋਟਾਂ ਦਾ ਬਟਨ ਦਬਾ ਕੇ ਉਕਤ 12 ਉਮੀਦਵਾਰਾਂ ਨੂੰ ਨਕਾਰ ਦਿਤਾ, ਜਦਕਿ ਵੋਟਾਂ ਦੀ ਗਿਣਤੀ ਦੌਰਾਨ 6 ਵੋਟਾਂ ਰੱਦ ਹੋ ਗਈਆਂ। ਹਲਕਾ ਸ਼ਾਹਕੋਟ 'ਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੀ ਵੱਡੀ ਨਮੌਸ਼ੀ ਝੱਲਣੀ ਪਈ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ 'ਆਪ' ਉਮੀਦਵਾਰ ਡਾ. ਅਮਰਜੀਤ ਸਿੰਘ ਥਿੰਦ ਨੂੰ 41 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ, ਪਰ ਪਿਛਲੇ ਦਿਨੀਂ ਡਾ. ਥਿੰਦ ਅਤੇ ਕਰਨਲ ਸੀ.ਡੀ. ਸਿੰਘ ਕੰਬੋਜ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ 'ਆਪ' ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ।
ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਬ੍ਰਿਜ ਭੁਪਿੰਦਰ ਸਿੰਘ ਲਾਲੀ ਸਾਬਕਾ ਗ੍ਰਹਿ ਮੰਤਰੀ ਪੰਜਾਬ ਕਾਂਗਰਸ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਜਿਥੇ ਡਾ. ਥਿੰਦ ਅਤੇ ਸੀ.ਡੀ. ਸਿੰਘ ਕੰਬੋਜ਼ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਜਾਣ ਨਾਲ 'ਆਪ' ਦੀ ਵੋਟ ਟੁੱਟ ਕੇ ਕਾਂਗਰਸ ਪਾਰਟੀ ਨਾਲ ਜੁੜ ਗਈ, ਉਥੇ ਕਾਂਗਰਸੀ ਉਮੀਦਵਾਰ ਬ੍ਰਿਜ ਭੁਪਿੰਦਰ ਸਿੰਘ ਲਾਲੀ ਦੇ ਅਕਾਲੀ ਦਲ ਵਿਚ ਜਾਣ ਨਾਲ ਕਾਂਗਰਸ ਦਾ ਵੋਟ ਬੈਂਕ ਜਿਉਂ ਦਾ ਤਿਉਂ ਹੀ ਰਿਹਾ। ਹੋਰ ਤਾਂ ਹੋਰ ਕਾਂਗਰਸ ਦੇ ਵੋਟ ਬੈਂਕ ਵਿਚ ਭਾਰੀ ਵਾਧਾ ਹੋ ਗਿਆ
ਕਿਉਂਕਿ ਜਿਥੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਪਾਸੋਂ ਕਰੀਬ 4500 ਵੋਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਥੇ ਹੀ ਕਾਂਗਰਸ ਸਰਕਾਰ ਵਲੋਂ ਹਲਕੇ 'ਚ ਕਰਵਾਏ ਗਏ ਵਿਕਾਸ ਅਤੇ ਲਾਡੀ ਸ਼ੇਰੋਵਾਲੀਆ 'ਤੇ ਜਿਤਾਏ ਵਿਸ਼ਵਾਸ ਅਤੇ ਵੋਟਰਾਂ ਦੇ ਪਿਆਰ ਨੇ ਲਾਡੀ ਸ਼ੇਰੋਵਾਲੀਆ ਨੂੰ ਜ਼ਿਮਨੀ ਚੋਣਾਂ ਦੌਰਾਨ 38,802 ਵੋਟਾਂ ਦੀ ਵੱਡੀ ਲੀਡ ਨਾਲ ਜਿਤਾ ਕੇ ਅਕਾਲੀ ਦਲ ਦਾ ਕਿਲ੍ਹਾ ਢਹਿ-ਢੇਰੀ ਕਰ ਕਾਂਗਰਸ ਦਾ ਗੜ੍ਹ ਮਜ਼ਬੂਤ ਕਰ ਦਿਤਾ ਹੈ।