
30 ਜੂਨ ਤੱਕ ਸਕੂਲ ਰਹਿਣਗੇ ਬੰਦ
ਚੰਡੀਗੜ੍ਹ: ਸੂਬੇ ਦੇ ਸਰਕਾਰੀ ਸਕੂਲਾਂ ਵਿਚ ਭਲਕੇ ਤੋਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਸਕੂਲ 30 ਜੂਨ ਤੱਕ ਬੰਦ ਰਹਿਣਗੇ। ਉੱਥੇ ਹੀ ਦੂਜੇ ਪਾਸੇ, ਸਿੱਖਿਆ ਵਿਭਾਗ ਨੂੰ ਡਰ ਪੈ ਗਿਆ ਹੈ ਕਿ ਕਿਤੇ ਸਕੂਲਾਂ ’ਚ ਪਿਆ ਕੀਮਤੀ ਸਮਾਨ ਚੋਰੀ ਨਾ ਹੋ ਜਾਵੇ ਕਿਉਂਕਿ 1 ਮਹੀਨੇ ਦੀਆਂ ਛੁੱਟੀਆਂ ਬਹੁਤ ਲੰਮਾ ਸਮਾਂ ਹੁੰਦਾ ਹੈ। ਸਿੱਖਿਆ ਵਿਭਾਗ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜਿਸ ਤਰ੍ਹਾਂ ਆਏ ਦਿਨ ਚੋਰੀ, ਡਕੈਤੀ ਦੇ ਮਾਮਲੇ ਆਮ ਹੀ ਵੇਖੇ ਜਾਂਦੇ ਹਨ ਤਾਂ ਉੱਥੇ ਹੀ ਲੁਟੇਰੇ ਗਰਮੀਆਂ ਦੀਆਂ ਛੁੱਟੀਆਂ ਦਾ ਫ਼ਾਇਦਾ ਚੁੱਕ ਕੇ ਸਕੂਲਾਂ ਨੂੰ ਅਪਣੀ ਲੁੱਟ ਦਾ ਨਿਸ਼ਾਨਾ ਬਣਾ ਸਕਦੇ ਹਨ।
PSEB
ਅਜਿਹੇ ਵਿਚ ਸਿੱਖਿਆ ਵਿਭਾਗ ਵਲੋਂ ਸਾਮਾਨ ਨੂੰ ਸੁਰੱਖਿਅਤ ਜਗ੍ਹਾ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਡੀਜੀਐਸਈ ਮੁਹੰਮਦ ਤਈਅਬ ਵਲੋਂ ਸਕੂਲ ਮੁਖੀਆਂ ਤੇ ਇੰਚਾਰਜਾਂ ਨੂੰ ਕਿਹਾ ਗਿਆ ਹੈ ਕਿ ਸਕੂਲ ਦੇ ਕੀਮਤੀ ਸਾਮਾਨ ਨੂੰ ਸੁਰੱਖਿਅਤ ਥਾਂ ਰੱਖਵਾ ਦਿਤਾ ਜਾਵੇ ਕਿਉਂਕਿ ਸਕੂਲਾਂ ਵਿਚ ਚੌਕੀਦਾਰ ਵੀ ਨਹੀਂ ਹਨ। ਅਜਿਹੇ ਵਿਚ ਚੋਰੀ ਹੋਣ ਦਾ ਖ਼ਤਰਾ ਜ਼ਿਆਦਾ ਹੈ। ਸਕੂਲ ਮੁਖੀ, ਪ੍ਰਿੰਸੀਪਲ ਤੇ ਅਧਿਆਪਕ ਗੈਸ ਸਿਲੰਡਰਾਂ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਕੇ ਸੁਰੱਖਿਅਤ ਜਗ੍ਹਾ ਰਖਵਾਉਣ।
ਇਸ ਦੇ ਨਾਲ ਹੀ ਰਸੋਈ ਘਰ ਲਈ ਮਜ਼ਬੂਤ ਤਾਲਾ ਲਗਾਇਆ ਜਾਵੇ। ਜੇਕਰ ਸਕੂਲ ਸੰਘਣੀ ਆਬਾਦੀ ਤੋਂ ਬਾਹਰ ਕਿਸੇ ਪਿੰਡ ਵਿਚ ਹੈ ਤਾਂ ਉੱਥੇ ਚੋਰੀ ਹੋਣ ਦਾ ਖ਼ਤਰਾ ਜ਼ਿਆਦਾ ਹੈ। ਅਜਿਹੇ ਵਿਚ ਮਿਡ-ਡੇ ਮੀਲ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਗੈਸ ਸਿਲੰਡਰ, ਭੱਠੀਆਂ, ਅਨਾਜ ਅਤੇ ਬਰਤਨ ਕਿਸੇ ਸੁਰੱਖਿਅਤ ਥਾਂ ਜਾਂ ਪਿੰਡ ਦੇ ਰਸੂਖਦਾਰ ਵਿਅਕਤੀ ਦੇ ਘਰ ਰੱਖੇ ਜਾ ਸਕਦੇ ਹਨ ਤਾਂ ਜੋ ਸਾਮਾਨ ਚੋਰੀ ਹੋਣ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਉਕਤ ਵਿਅਕਤੀ ਨੂੰ ਸਾਮਾਨ ਦਾ ਪੂਰਾ ਵੇਰਵਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਕੰਪਿਊਟਰ ਲੈਬ ਵਿਚੋਂ ਕੰਪਿਊਟਰ ਚੋਰੀ ਹੋਣ ਦਾ ਵੀ ਖ਼ਤਰਾ ਹੈ। ਸੈਕੰਡਰੀ ਤੇ ਹਾਈ ਸਕੂਲਾਂ ਵਿਚ ਘੱਟੋ-ਘੱਟ 15-20 ਕੰਪਿਊਟਰ ਹਰੇਕ ਸਕੂਲ ਵਿਚ ਹਨ। ਅਜਿਹੇ ਵਿਚ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਰੋਜ਼ਾਨਾ ਸਕੂਲ ਆਉਣਗੇ ਅਤੇ ਰੂਟੀਨ ਦੇ ਡਾਕ ਦੇਖਣ ਦੇ ਨਾਲ ਸਕੂਲ ਦੇ ਸੁਰੱਖਿਆ ਬੰਦੋਬਸਤ 'ਤੇ ਨਜ਼ਰ ਰੱਖਣਗੇ।