
ਜਾਖੜ ਦਾ ਕਹਿਣਾ ਹੈ ਕਿ ਜੇ ਹਾਰ ਗਿਆ ਹਾਂ ਤਾਂ ਇਹ ਮਤਲਬ ਨਹੀਂ ਕਿ ਇਲਾਕੇ ਨਾਲ ਨਾਤਾ ਤੋੜ ਲਵਾਂਗਾ
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਸੀਟ ਤੋਂ ਹਾਰਨ ਦੇ ਬਾਵਜੂਦ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਫ਼ੈਸਲਾ ਕੀਤਾ ਹੈ ਕਿ ਉਹ ਪੂਰੇ ਹਲਕੇ ਦਾ ਧੰਨਵਾਦੀ ਦੌਰਾ ਕਰਨਗੇ। ਦੱਸ ਦਈਏ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਹਰਾ ਕੇ ਗੁਰਦਾਸਪੁਰ ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਜਾਖੜ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਰਾਹੁਲ ਗਾਂਧੀ ਨੂੰ ਭੇਜਿਆ ਹੋਇਆ ਜੋ ਕਿ ਅਜੇ ਤੱਕ ਪ੍ਰਵਾਨ ਨਹੀਂ ਹੋਇਆ ਹੈ।
Sunil Jakhar
ਸੁਨੀਲ ਜਾਖੜ ਨੇ ਦੱਸਿਆ ਕਿ ਉਹ ਅਪਣੀ ਧੰਨਵਾਦੀ ਮੁਹਿੰਮ ਦੀ ਸ਼ੁਰੂਆਤ 1 ਜੂਨ ਨੂੰ ਦੀਨਾਨਗਰ ਤੋਂ ਕਰਨਗੇ। ਜਾਖੜ ਨੇ ਫ਼ੈਸਲਾ ਕੀਤਾ ਹੈ ਕਿ ਉਹ ਗੁਰਦਾਸਪੁਰ ਲੋਕ ਸਭਾ ਖੇਤਰ ਅਧੀਨ ਆਉਂਦੇ ਸਾਰੇ ਹਲਕਿਆਂ ’ਚ ਜਾ ਕੇ ਲੋਕਾਂ ਦਾ ਧੰਨਵਾਦ ਕਰਨਗੇ। ਇੱਥੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਾਂਗਰਸ ਦੇ ਵਰਕਰਾਂ ਦਾ ਇਕ ਸੰਮੇਲਨ ਆਯੋਜਿਤ ਕੀਤਾ ਹੈ, ਜਿੱਥੇ ਜਾਖੜ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨਗੇ।
ਜਾਖੜ ਨੇ ਫ਼ੈਸਲਾ ਕੀਤਾ ਹੈ ਕਿ ਉਹ ਹਿੰਦੂ ਬਹੁਗਿਣਤੀ ਵਾਲੀਆਂ ਸੀਟਾਂ ’ਤੇ ਮੁੜ ਅਪਣੀ ਮੁਹਿੰਮ ਸ਼ੁਰੂ ਕਰਨਗੇ ਤੇ ਇਨ੍ਹਾਂ ਸੀਟਾਂ ’ਤੇ ਆਉਣ ਵਾਲੇ ਦਿਨਾਂ ਵਿਚ ਪੂਰਾ ਧਿਆਨ ਦੇਣਗੇ। ਦੱਸ ਦਈਏ ਕਿ 9 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਨੇ 5 ਵਿਚ ਲੀਡ ਹਾਸਲ ਕੀਤੀ ਸੀ ਪਰ ਬਾਕੀ 4 ਹਲਕਿਆਂ ਵਿਚ ਉਹ ਪੱਛੜ ਗਈ ਸੀ। ਜਾਖੜ ਨੇ ਕਿਹਾ ਕਿ ਚੋਣਾਂ ਵਿਚ ਜਿੱਤ ਹਾਰ ਤਾਂ ਚੱਲਦੀ ਹੀ ਰਹਿੰਦੀ ਹੈ। ਜੇ ਹੁਣ ਮੈਂ ਹਾਰ ਗਿਆ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ ਇਲਾਕੇ ਨਾਲ ਅਪਣਾ ਨਾਤਾ ਹੀ ਤੋੜ ਲਵਾਂ।
Sunil Jakhar
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਬਹੁਤ ਜ਼ਰੂਰੀ ਹੈ ਜੋ ਹਮਾਇਤ ਦੇਣ ਲਈ ਨਾਲ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਹਮਾਇਤ ਨਹੀਂ ਵੀ ਦਿਤੀ, ਉਨ੍ਹਾਂ ਦਾ ਵੀ ਧੰਨਵਾਦ ਕਰਨਾ ਮੇਰਾ ਨੈਤਿਕ ਫ਼ਰਜ਼ ਹੈ। ਲੋਕਾਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕਰਨ ਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਉਹ ਹਰੇਕ ਵਿਧਾਨ ਸਭਾ ਹਲਕੇ ਵਿਚ ਜਾਣਗੇ।