
ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿਚ ਚੁੱਕਿਆ ਮੁੱਦਾ
ਅੰਮ੍ਰਿਤਸਰ : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਾਰਗਿਲ ਵਿਜੈ ਦਿਵਸ ਨੂੰ ਸਮਰਪਤ ਬਣਾਈ ਡਾਕੂਮੈਂਟਰੀ ਫ਼ਿਲਮ ਵਿਚ ਕਾਰਗਿਲ ਜੰਗ ਵਿਚ ਅਹਿਲ ਰੋਲ ਨਿਭਾਉਣ ਵਾਲੀ 8 ਸਿੱਖ ਰੈਜੀਮੈਂਟ ਦਾ ਮੁੱਦਾ ਸੰਸਦ ਵਿਚ ਉਠਾਉਂਦਿਆਂ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
Gurjit Singh Aujla
ਔਜਲਾ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਟਾਈਗਰ ਹਿੱਲ 'ਤੇ ਜਿੱਤ ਹਾਸਲ ਕਰਨ ਵਾਲੇ 18 ਗ੍ਰੇਨੇਡੀਅਰ ਤੇ 8 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਅਹਿਮ ਰੋਲ ਨਿਭਾਇਆ ਸੀ ਜਿਸ ਲਈ ਦੋਹਾਂ ਰੈਜੀਮੈਂਟਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਸੀ। ਔਜਲਾ ਨੇ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਰਗਿਲ ਵਿਜੈ ਦਿਵਸ ਨੂੰ ਸਮਰਪਤ ਸਰਕਾਰੀ ਤੌਰ 'ਤੇ ਬਣਾਈ ਗਈ 9 ਮਿੰਟ ਦੀ ਡਾਕੂਮੈਂਟਰੀ ਫ਼ਿਲਮ ਵਿਚ ਸਿਰਫ਼ 18 ਗ੍ਰੇਨੇਡੀਅਰ ਰੈਜੀਮੈਂਟ ਨੂੰ ਹੀ ਜਿੱਤ ਦਾ ਹੀਰੋ ਦਰਸਾਇਆ ਗਿਆ ਹੈ ਜਦਕਿ ਇਸ ਫ਼ਿਲਮ ਵਿਚ 8 ਸਿੱਖ ਰੈਜੀਮੈਂਟ ਦੇ ਕਾਰਨਾਮਿਆਂ ਨੂੰ ਕਿਸੇ ਸਾਜਿਸ਼ ਤਹਿਤ ਅਣਗੌਲਿਆ ਕੀਤਾ ਗਿਆ ਹੈ।
Sikh Regiment
ਇਸ ਫ਼ਿਲਮ ਵਿਚ 8 ਸਿੱਖ ਰੈਜੀਮੈਂਟ ਦਾ ਕੋਈ ਨਾਮ ਨਹੀਂ ਹੈ, ਜਿਸ ਕਾਰਨ ਕਾਰਗਿਲ ਦੀ ਜਿਤ ਵਿਚ ਹਿੱਸਾ ਲੈ ਬਹਾਦਰੀ ਦਾ ਬੇਮਿਸਾਲ ਪ੍ਰਦਰਸ਼ਨ ਕਰਨ ਵਾਲੇ 8 ਸਿੱਖ ਰੈਜੀਮੈਂਟ ਦੇ ਜਵਾਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਦੇਸ਼ ਲਈ ਮਰ ਮਿਟਣਾ ਹੁੰਦਾ ਹੈ ਤਾਂ ਉਦੋਂ ਸਿੱਖ ਜਾਨ ਨਿਛਾਵਰ ਕਰ ਦਿੰਦੇ ਹਨ ਪਰ ਸਿਹਰਾ ਕਿਸੇ ਹੋਰ ਦੇ ਸਿਰ ਬੰਨ੍ਹ ਦਿਤਾ ਜਾਂਦਾ ਹੈ।