
ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 5-3 ਨਾਲ ਹਰਾਇਆ
ਟੋਕੀਉ, 30 ਜੁਲਾਈ : ਗੁਰਜੰਟ ਸਿੰਘ ਦੇ 2 ਗੋਲ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਟਕੀਉ ਉਲੰਪਿਕ ਖੇਡਾਂ ਦੇ ਪੂਲ-ਏ ਦੇ ਅਪਣੇ ਆਖ਼ਰੀ ਮੈਚ ਵਿਚ ਸ਼ੁਕਰਵਾਰ ਨੂੰ ਇੱਥੇ ਜਾਪਾਨ ਨੂੰ 5-3 ਨਾਲ ਹਰਾਇਆ। ਭਾਰਤ ਵਲੋਂ ਹਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ, ਜਦੋਂਕਿ ਗੁਰਜੰਟ ਸਿੰਘ (17ਵੇਂ ਅਤੇ 56ਵੇਂ), ਸ਼ਮਸ਼ੇਰ ਸਿੰਘ (34ਵੇਂ) ਅਤੇ ਨੀਲਕਾਂਤ ਸ਼ਰਮਾ (51ਵੇਂ ਮਿੰਟ) ਨੇ ਮੈਦਾਨੀ ਗੋਲ ਕੀਤੇ। ਜਾਪਾਨ ਵਲੋਂ ਕੇਂਤਾ ਤਨਾਕਾ (19ਵੇਂ), ਕੋਤਾ ਵਤਾਨਬੇ (33ਵੇਂ) ਅਤੇ ਕਜਾਜੁਮਾ ਮੁਰਾਤਾ (59ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਪਹਿਲਾਂ ਹੀ ਕੁਆਟਰ ਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰ ਚੁੱਕਾ ਸੀ ਪਰ ਇਸ ਜਿੱਤ ਨਾਲ ਉਹ ਵਧੇ ਮਨੋਬਲ ਨਾਲ ਅੰਤਮ ਅੱਠ ਦੇ ਮੁਕਾਬਲੇ ਵਿਚ ਉਤਰੇਗਾ। ਭਾਰਤ ਨੇ ਪੂਲ ਪੜਾਅ ਵਿਚ ਜਾਪਾਨ ਦੇ ਇਲਾਵਾ ਨਿਊਜ਼ੀਲੈਂਡ, ਸਪੇਨ ਅਤੇ ਅਰਜਨਟੀਨਾ ਨੂੰ ਹਰਾਇਆ ਪਰ ਆਸਟ੍ਰੇਲੀਆ ਤੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (ਪੀਟੀਆਈ)