
ਕਿਣਮਿਣ ਕਣੀਆਂ ਵਰਖਾ ਹੋਈ। ਬੱਦਲਾਂ ਦੀ ਨਾਲ ਗੜਗੜ ਹੋਈ।
Poems: ਇੰਦਰ ਧਨੁਸ਼
ਕਿਣਮਿਣ ਕਣੀਆਂ ਵਰਖਾ ਹੋਈ।
ਬੱਦਲਾਂ ਦੀ ਨਾਲ ਗੜਗੜ ਹੋਈ।
ਨੀਲੇ ਆਕਾਸ਼ ਵਿਚ ਬੱਦਲ ਛਾਏ।
ਸੂਰਜ ਨੇ ਆ ਮੋੜੇ ਪਾਏ।
ਵਿਚ ਅਸਮਾਨ ਰੰਗ ਉਘੜੇ।
ਰੰਗ ਬਰੰਗੇ ਕਿੰਨੇ ਹੀ ਗੁਦੜੇ।
ਸੂਰਜ ਵਲ ਜਦ ਕੀਤੀ ਪਿੱਠ।
ਅੱਖਾਂ ਸਾਹਵੇਂ ਰੰਗਾਂ ਦੀ ਕਿੱਟ।
ਅੱਧ ਚੱਕਰ ਵਿਚ ਕਿੰਨੇ ਰੰਗ।
ਦੇਖ ਦੇਖ ਕੇ ਰਹਿ ਗਏ ਦੰਗ।
ਬਾਲਾਂ ਨੇ ਸੀ ਰੌਲਾ ਪਾਇਆ।
ਪੀਂਘ ਵੇਖ ਜੀਅ ਲਲਚਾਇਆ।
ਵਿਚ ਬਹਿਮੰਡ ਜਲਕਣ ਲਟਕੇ।
ਜਿਉਂ ਇਨ੍ਹਾਂ ਵਿਚੋਂ ਚਾਨਣ ਟਪਕੇ।
ਸੱਤ ਰੰਗਾਂ ਵਿਚ ਰੌਸ਼ਨੀ ਖਿਲਰੇ।
ਰੰਗ-ਪੱਟੀ ਵਿਚ ਆ ਕੇ ਮਿਲਗੇ।
ਹਰਾ, ਨੀਲਾ, ਪੀਲਾ, ਲਾਲ, ਬੈਂਗਣੀ।
ਗੂੜ੍ਹਾ ਨੀਲਾ ਵਿਚ ਫਬੇ ਜਾਮਣੀ।
ਸੂਰਜ ਨੇ ਜਿਉਂ ਪਿੱਠ ਭੁਆਈ।
ਬੱਚਿਆਂ ਦੀ ਗਈ ਪੀਂਘ ਚੁਰਾਈ।
‘ਅਜ਼ਾਦ’ ਵਰਖਾ ਦੀ ਰੁੱਤ ਨਿਰਾਲੀ।
ਇੰਦਰ ਧਨੁਸ਼ ਉਦੋਂ ਦੇਵੇ ਦਿਖਾਲੀ।
-ਰਣਜੀਤ ਆਜ਼ਾਦ ਕਾਂਝਲਾ (94646-97781)