
ਡਾਇਰੀਆ ਨਾਲ ਹੋਈਆਂ ਜ਼ਿਲ੍ਹੇ 'ਚ ਸੱਤ ਮੌਤਾਂ ਨੂੰ ਹਾਲੇ ਮਹੀਨਾ ਵੀ ਨਹੀਂ ਹੋਇਆ ਕਿ ਹੁਣ ਹੁਸ਼ਿਆਰਪੁਰ 'ਚ ਡੇਂਗੂ ਨੇ ਦਸਤਕ ਦੇ ਦਿਤੀ ਹੈ............
ਹੁਸ਼ਿਆਰਪੁਰ : ਡਾਇਰੀਆ ਨਾਲ ਹੋਈਆਂ ਜ਼ਿਲ੍ਹੇ 'ਚ ਸੱਤ ਮੌਤਾਂ ਨੂੰ ਹਾਲੇ ਮਹੀਨਾ ਵੀ ਨਹੀਂ ਹੋਇਆ ਕਿ ਹੁਣ ਹੁਸ਼ਿਆਰਪੁਰ 'ਚ ਡੇਂਗੂ ਨੇ ਦਸਤਕ ਦੇ ਦਿਤੀ ਹੈ ਅਤੇ ਵੱਖ-ਵੱਖ ਇਲਾਕਿਆਂ 'ਚੋਂ 21 ਦੇ ਲਗਭਗ ਮਰੀਜ਼ ਪੀੜਤ ਹੋਏ ਹਨ। ਇਨ੍ਹਾਂ 'ਚੋਂ 15 ਦੇ ਲਗਭਗ ਤਾਂ ਸਿਰਫ਼ ਹੁਸ਼ਿਆਰਪੁਰ ਦੇ ਉਨ੍ਹਾਂ ਇਲਾਕਿਆਂ ਦੇ ਹਨ ਜਿਥੇ ਡਾਇਰੀਏ ਦਾ ਸਾਇਆ ਸਭ ਤੋਂ ਜ਼ਿਆਦਾ ਸੀ। ਗੜ੍ਹਸ਼ੰਕਰ, ਮਾਹਿਲਪੁਰ, ਚੱਬੇਵਾਲ, ਹਰਿਆਣਾ ਤੇ ਭੁੰਗਾ ਵਿਚ ਵੀ ਡੇਂਗੂ ਦੇ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ।
ਪਿਛਲੀਆਂ ਕੁਝ ਖਾਮੀਆਂ ਤੋਂ ਸਬਕ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਂਗੂ ਨਾਲ ਨਿਪਟਣ ਲਈ ਕੋਈ ਕਸਰ ਨਹੀਂ ਛੱਡੀ।
ਨਗਰ ਨਿਗਮ ਦੀਆਂ ਟੀਮਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਹਜ਼ਾਰਾਂ ਘਰਾਂ ਦੀ ਚੈਕਿੰਗ ਕੀਤੀ ਅਤੇ ਸਫ਼ਾਈ ਦਾ ਪ੍ਰਬੰਧ ਨਾ ਕਰਨ ਵਾਲੇ ਤੇ ਲਾਪ੍ਰਵਾਹੀ ਵਰਤਣ ਵਾਲੇ 300 ਦੇ ਲਗਭਗ ਘਰ ਮਾਲਕਾਂ, ਫ਼ੈਕਟਰੀਆਂ ਤੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਤੇ ਵਾਰ-ਵਾਰ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਸਿਵਲ ਸਰਜਨ ਰੇਨੂੰ ਸੂਦ ਵਲੋਂ ਡੇਂਗੂ ਨਾਲ ਨਿਪਟਣ ਲਈ ਨਾ ਸਿਰਫ਼ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿਤੀਆਂ ਗਈਆਂ ਬਲਕਿ ਲੋਕਾਂ ਨੂੰ ਜਗਰੂਕ ਕਰਨ ਵਾਸਤੇ ਵੀ ਕੋਈ ਕਸਰ ਨਹੀਂ ਛੱਡੀ ਗਈ।
ਡੀਸੀ ਵਲੋਂ ਡੇਂਗੂ ਦੀ ਰੋਕਥਾਮ ਲਈ ਸਿਹਤ ਅਤੇ ਸਿਖਿਆ ਵਿਭਾਗ ਨੂੰ ਨਿਰਦੇਸ਼: ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਸਰਕਾਰੀ ਸਿਹਤ ਕੇਂਦਰਾਂ ਵਿਚ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਣ। ਸਿਖਿਆ ਵਿਭਾਗ ਨੂੰ ਸਕੂਲਾਂ ਵਿਚ ਡੇਂਗੂ ਤੋਂ ਬਚਣ ਸਬੰਧੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਿਰਦੇਸ਼ ਵੀ ਦਿਤੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਸਾਂਝੀਆਂ ਟੀਮਾਂ ਗਠਤ ਕੀਤੀਆਂ ਗਈਆਂ ਹਨ ਜੋ ਘਰਾਂ ਵਿਚ ਜਾ ਕੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦਾ ਕਾਰਨ ਬਣਦੇ ਮੱਛਰਾਂ ਦਾ ਲਾਰਵਾ ਚੈਕ ਕਰ ਰਹੀਆਂ ਹਨ। ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਸਪੋਕਸਮੈਨ ਜਰੀਏ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਰਐਮਪੀ ਡਾਕਟਰਾਂ ਅਤੇ ਕੈਮਿਸਟਾਂ ਕੋਲੋਂ ਬੁਖਾਰ ਹੋਣ ਦੀ ਸੂਰਤ ਵਿਚ ਦਵਾਈ ਹਰਗਿਜ ਨਾ ਲੈਣ ਬਲਕਿ ਉਹ ਐਮਬੀਬੀਐਸ ਜਾਂ ਮਾਹਰ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਦਵਾਈ ਲੈਣ।