
ਸ਼ਹਿਰ ਵਿਚ ਪੈ ਰਹੀ ਬਾਰਸ਼ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਸਾਲ ਹੁਣ ਤਕ ਡੇਂਗੂ ਦੇ 20 ਦੇ ਕਰੀਬ ਮਾਮਲਿਆਂ ਦੀ ਪੁਸ਼ਟੀ..........
ਚੰਡੀਗੜ੍ਹ : ਸ਼ਹਿਰ ਵਿਚ ਪੈ ਰਹੀ ਬਾਰਸ਼ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਸਾਲ ਹੁਣ ਤਕ ਡੇਂਗੂ ਦੇ 20 ਦੇ ਕਰੀਬ ਮਾਮਲਿਆਂ ਦੀ ਪੁਸ਼ਟੀ ਹੋ ਚੁਕੀ ਹੈ। ਪਿਛਲੇ ਤਿੰਨ-ਚਾਰ ਦਿਨਾਂ ਵਿਚ ਵੀ ਡੇਂਗੂ ਦੇ ਪੰਜ ਮਰੀਜ਼ ਸਾਹਮਣੇ ਆਏ ਹਨ ਜਦਕਿ ਪਿਛਲੇ ਸਾਲ ਚੰਡੀਗੜ੍ਹ ਵਿਚ ਡੇਂਗੂ ਦੇ ਇਕ ਹਜ਼ਾਰ ਤੋਂ ਉਪਰ ਮਾਮਲੇ ਦਰਜ ਕੀਤੇ ਗਏ ਸਨ। ਬਾਰਸ਼ਾਂ ਦੇ ਸ਼ੁਰੂ ਹੋਣ ਨਾਲ ਇਸ ਸਾਲ ਵੀ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਬੀਤੇ ਸ਼ੁਕਰਵਾਰ ਮਲੇਰੀਆ ਦਾ ਇਕ ਕੇਸ ਆਇਆ ਸੀ। ਇਸ ਤੋਂ ਇਲਾਵਾ ਚਿਕਨਗੁਨੀਆ ਦੇ ਦੋ ਮਾਮਲਿਆਂ ਦੀ ਪਹਿਲਾ ਹੀ ਪੁਸ਼ਟੀ ਹੋ ਚੁਕੀ ਹੈ।
ਫ਼ਿਲਹਾਲ ਡੇਗੂ ਮਰੀਜ਼ਾਂ ਦੀ ਕੁਲ ਗਿਣਤੀ 20 ਤਕ ਪਹੁੰਚ ਗਈ ਹੈ ਜਦਕਿ ਚਿਕਨਗੁਨੀਆ ਦੇ 2 ਮਾਮਲੇ ਹੁਣ ਤਕ ਰਜਿਸਟਰ ਹੋਏ ਹਨ। ਮਲੇਰੀਆ ਨੇ ਵੀ ਪੈਰ ਪਸਾਰੇ : ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ 22 ਤਕ ਪਹੁੰਚ ਗਈ ਹੈ। ਸਾਲ 2017 ਵਿਚ ਸ਼ਹਿਰ ਵਿਚ 55 ਮਲੇਰੀਆ ਦੇ ਕੇਸ ਸਾਹਮਣੇ ਆਏ ਸਨ। 2016 ਵਿਚ 114, ਸਾਲ 2015 ਵਿਚ 152, ਸਾਲ 2014 ਵਿਚ 146 ਮਲੇਰੀਆ ਦੇ ਕੇਸ ਰਜਿਸਟਰ ਕੀਤੇ ਗਏ ਸਨ। ਡੇਂਗੂ ਅਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ।
ਇਸ ਸਾਲ ਵਿਭਾਗ ਨੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ ਜਾਰੀ ਕਰ ਦਿਤਾ ਹੈ। ਲੋਕ ਹੈਲਪਲਾਈਨ 'ਤੇ ਇਸ ਸਬੰਧੀ ਜਾਣਕਾਰੀ ਲੈ ਸਕਦੇ ਹਨ। ਮਰੀਜ਼ਾਂ ਲਈ ਸੈਕਟਰ 32 ਅਤੇ 16 ਦੇ ਸਰਕਾਰੀ ਹਸਪਤਾਲ ਵਿਚ ਪ੍ਰਬੰਧ ਕਰ ਦਿਤੇ ਹਨ। ਇਨ੍ਹਾਂ ਹਸਪਤਾਲਾਂ ਵਿਚ ਮੁਫ਼ਤ ਟੈਸਟ ਦੀ ਸਹੂਲਤ ਦਿਤੀ ਗਈ ਹੈ। ਵਿਭਾਗ ਨੇ ਡੇਂਗੂ ਪ੍ਰਭਾਵਤ ਇਲਾਕਿਆਂ ਵਿਚ ਫੋਗਿੰਗ ਆਦਿ ਕਰਵਾਉਣੀ ਸ਼ੁਰੂ ਕਰ ਦਿਤੀ ਹੈ।
ਇਹ ਸਾਵਧਾਨੀ ਵਰਤੋਂ : ਘਰ ਵਿਚ ਜਾਂ ਅਪਣੇ ਨੇੜੇ-ਤੇੜੇ ਪਾਣੀ ਇਕੱਠਾ ਨਾ ਹੋਣ ਦਿਉ। ਘਰ ਅੰਦਰ ਕੂਲਰ ਤੇ ਗਮਲਿਆਂ ਵਿਚ ਪਾਣੀ ਜਮ੍ਹਾਂ ਨਾ ਹੋਣ ਦਿਉ ਅਤੇ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਾਫ਼-ਸਫ਼ਾਈ ਕਰੋ। ਜਿਨ੍ਹਾਂ ਲੋਕਾਂ ਦੇ ਘਰ ਵਿਚ ਕੋਈ ਡੇਂਗੂ ਨਾਲ ਪੀੜਤ ਹੈ, ਉਹ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਕਿ ਮੱਛਰ ਦੂਜੇ ਮੈਂਬਰਾਂ ਨੂੰ ਨਾ ਕੱਟੇ। ਛੱਤ 'ਤੇ ਪਾਣੀ ਇਕੱਠਾ ਨਾ ਹੋਣ ਦਿਉ। ਬਾਰਸ਼ ਦਾ ਪਾਣੀ ਜਮਾ ਨਾ ਹੋਣ ਦਿਉ।