
ਹਾਈ ਕਮਾਂਡ ਵਲੋਂ ਸਖ਼ਤੀ ਕਰਨ ਦੇ ਆਸਾਰ ਵਧੇ
to
ਚੰਡੀਗੜ੍ਹ, 30 ਅਗੱਸਤ (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਦੋ-ਤਿਹਾਈ ਬਹੁਮਤ ਵਾਲੀ ਕਾਗਰਸ ਸਰਕਾਰ ਦੀ ਪਿਛਲੇ ਪੌਣੇ 4 ਸਾਲ ਦੀ ਕਾਰਗੁਜ਼ਾਰੀ 'ਤੇ ਉੱਠ ਰਹੇ ਸਵਾਲਾਂ ਦੀ ਲੋਅ 'ਚ ਅਪਣੀ ਹੀ ਪਾਰਟੀ ਦੇ ਦੋ ਧੁਨੰਦਰ ਨੇਤਾਵਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵਲੋਂ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਵਿਰੁਧ ਖੋਲ੍ਹੇ ਫ਼ਰੰਟ ਸਦਕਾ ਹੁਣ ਪਾਰਟੀ ਹਾਈ ਕਮਾਂਡ ਨੇ ਸਖ਼ਤ ਕਦਮ ਚੁਕਣ ਦਾ ਮਨ ਬਣਾ ਲਿਆ ਲਗਦਾ ਹੈ।
ਜਿਨ੍ਹਾਂ 23 ਸਿਰਕੱਢ ਆਗੂਆਂ ਨੇ ਗਾਂਧੀ ਪਰਵਾਰ ਯਾਨੀ ਸੋਨੀਆ ਤੇ ਰਾਹੁਲ ਵਿਰੁਧ ਨੇਤਾ ਬਦਲੀ ਦੀ ਚਿੱਠੀ 'ਤੇ ਦਸਤਖ਼ਤ ਕੀਤੇ ਸਨ, ਉਨ੍ਹਾਂ 'ਚ ਪੰਜਾਬ ਕਾਂਗਰਸ ਦੇ ਦੋ ਬਾਗ਼ੀ ਸੁਰ ਰਖਦੇ ਤਜਰਬੇਕਾਰ ਤੇ ਸੀਨੀਅਰ ਲੀਡਰ ਮਨੀਸ ਤਿਵਾੜੀ ਤੇ ਬੀਬੀ ਰਾਜਿੰਦਰ ਕੌਰ ਭੱਠਲ ਵੀ ਹਨ।
ਸਰਹੱਦੀ ਸੂਬੇ 'ਚੋਂ ਇਸ ਤਰ੍ਹਾਂ 4 ਵੱਡੇ ਸਿਆਸੀ ਖੁੰਢਾਂ 'ਚ ਇਕ ਜੱਟ, ਇਕ ਬ੍ਰਾਹਮਣ, ਇਕ ਦਲਿਤ ਅਤੇ ਇਕ ਮਹਿਲਾ ਦਾ ਹੋਣਾ ਇਹ ਦਰਸਾਉਂਦਾ ਹੈ ਕਿ ਮੌਜੂਦਾ ਲੀਡਰਸ਼ਿਪ ਵਿਚ ਭਰੋਸਾ ਵੀ ਨਹੀਂ ਰਿਹਾ ਅਤੇ ਸਾਰਾ ਨਿਸ਼ਾਨਾ 2022 ਦੀ ਅਸੈਂਬਲੀ ਚੋਣਾਂ 'ਤੇ ਹੁਣ ਤੋਂ ਹੀ ਟਿਕ ਗਿਆ ਹੈ ਅਤੇ ਕੁਲ ਮਿਲਾ ਕੇ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ 'ਤੇ ਨਜ਼ਰਾਂ ਲੱਗ ਗਈਆਂ ਹਨ।
ਰੋਜ਼ਾਨਾ ਸਪੋਕਸਮੈਨ ਵਲੋਂ ਵੱਖ-ਵੱਖ ਵਰਗਾਂ ਦੇ ਪਾਰਟੀ ਨੇਤਾਵਾਂ, ਬਜ਼ੁਰਗ ਕਾਂਗਰਸੀ ਵਰਕਰਾਂ, ਸਿਆਸੀ ਮਾਹਰਾਂ ਨਾਲ ਮੌਜੂਦਾ ਸਿਆਸਤ ਅਤੇ ਡੇਢ ਸਾਲ ਬਾਅਦ ਬਣ ਰਹੀ ਹਾਲਤ ਬਾਰੇ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਸੂਬੇ ਵਿਚ ਦਿਹਾਤੀ ਤੇ ਸ਼ਹਿਰੀ ਇਲਾਕਿਆਂ ਵਿਚ ਇਹ ਆਮ ਚਰਚਾ ਚਲ ਪਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਇਹ ਪਾਰਟੀ ਖਿਲਰ ਜਾਵੇਗੀ। ਹੁਣ ਵੀ ਦੋਆਬਾ, ਮਾਝਾ, ਮਾਲਵਾ ਵਿਚ ਕਾਂਗਰਸ ਵਿਰੁਧ ਉੱਠ ਰਹੀ ਆਵਾਜ਼ ਨੂੰ ਖ਼ੁਦ ਹੀ ਪਾਰਟੀ ਦੇ ਅਪਣੇ ਲੀਡਰ ਹਵਾ ਦੇ ਰਹੇ ਹਨ, ਉਤੋਂ ਕੁਰੱਪਸ਼ਨ, ਸ਼ਰਾਬ-ਨਸ਼ਾ ਮਾਫ਼ੀਆ, ਰੇਤ-ਬਜਰੀ ਮਾਫ਼ੀਆ, ਟਰਾਂਸਪੋਰਟ ਤੇ ਐਕਸਾਈਜ਼ ਦੀ ਵੱਡੇ ਪੱਧਰ 'ਤੇ ਚੋਰੀ ਨੇ ਕਾਂਗਰਸ 'ਤੇ ਕਾਲਾ ਧੱਬਾ ਲਗਾ ਦਿਤਾ ਹੈ।
ਵਰਤਮਾਨ ਹਾਲਾਤ 'ਤੇ ਕਾਬੂ ਪਾਉਣ, ਪਾਰਟੀ 'ਚ ਅੰਦਰੂਨੀ ਬਗ਼ਾਵਤ ਨੂੰ ਰੋਕਣ, ਹਾਈ ਕਮਾਂਡ ਵਲੋਂ ਸਖ਼ਤ ਨਾਲ ਪੇਸ਼ ਆਉਣ ਲਈ ਸਖ਼ਤ ਕਦਮ ਚੁੱਕਣ ਵਾਸਤੇ ਅੱਜ ਦਿੱਲੀ ਪੁੱਜੇ ਸੁਨੀਲ ਜਾਖੜ ਨੇ ਦਸਿਆ ਕਿ ਰਾਜਸਥਾਨ ਵਿਚ ਹੋਈ ਗੜਬੜ ਮੌਕੇ ਜੇ ਹਾਈ ਕਮਾਂਡ ਨੇ ਇਨ੍ਹਾਂ ਬਗ਼ਾਵਤੀ ਅਨਸਰਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਹੁੰਦਾ ਤਾਂ ਪੰਜਾਬ ਵਿਚ ਵੀ ਸ਼ਾਂਤੀ ਹੋ ਜਾਣੀ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਵੀ ਇਹੀ ਸੋਚ ਹੈ ਕਿ ਪਾਰਟੀ ਵਿਚ ਅਨੁਸ਼ਾਸਨ ਜ਼ਰੂਰੀ ਹੈ, ਬਾਗ਼ੀ ਕਦਮ ਭਾਵੇਂ ਜਿੰਨੇ ਵੀ ਵੱਡੇ ਲੀਡਰ ਵਲੋਂ ਚੁਕੇ ਗਏ ਹੋਣ ਜਾਂ ਬੜਬੋਲੇ ਨੇਤਾਵਾਂ ਨੇ ਅਵਾ-ਤਵਾ ਬੋਲਿਆ ਹੋਵੇ। ਇਹੋ ਜਿਹੇ, ਹਉਮੈ ਅਤੇ ਘਮੰਡੀ ਨੇਤਾਵਾਂ ਨੂੰ ਪਹਿਲੀਕਦਮੀ ਕਰ ਕੇ ਬਾਹਰ ਕਰਨਾ ਬਣਦਾ ਹੈ।
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ, ਆਸ਼ਾ ਕੁਮਾਰੀ ਤੇ ਮੁੱਖ ਮੰਤਰੀ ਨੇ ਵੀ ਦੋ ਮਹੀਨੇ ਤੋਂ ਇਹੀ ਸੁਝਾਅ ਅਤੇ ਸਿਫ਼ਾਰਸ਼ ਕੀਤੀ ਹੋਈ ਹੈ ਜਿਸ ਕਰ ਕੇ ਪਾਰਟੀ ਸਫ਼ਾਂ 'ਚ ਸਹਿਮ ਦਾ ਆਲਮ ਹੈ। ਇਸ ਸਰਹੱਦੀ ਸੂਬੇ ਵਿਚ ਫ਼ਿਲਹਾਲ ਸਿਆਸੀ ਭਵਿੱਖ ਕਾਫ਼ੀ ਖੁਲ੍ਹਾ, ਖਿਲਾਅ ਵਾਲਾ, ਗੰਧਲਾ, ਧੁੰਦਲਾ ਅਤੇ ਅਸਪਸ਼ਟ ਜਿਹਾ ਹੈ ਕਿਉਂਕਿ ਵਿਧਾਨ ਸਭਾ ਵਿਚ 19 ਵਿਧਾਇਕਾਂ ਵਾਲੀ ਵਿਰੋਧੀ ਧਿਰ 'ਆਪ' ਵਿਚ 5 ਗੁੱਟ ਹਨ। 14 ਮੈਂਬਰੀ ਅਕਾਲੀ ਦਲ 'ਚੋਂ ਢੀਂਡਸਾ ਪੱਖੀ ਅੱਡ ਹੋ ਗਏ ਹਨ, ਦੋ ਵਿਧਾਇਕਾਂ ਵਾਲੀ ਭਾਜਪਾ ਆਪਣੀ ਹਾਈ ਕਮਾਂਡ ਨੂੰ ਜ਼ੋਰ ਪਾ ਰਹੀ ਹੈ ਕਿ ਜਾਂ ਤਾਂ ਇਕੱਲੇ ਚੋਣ ਮੈਦਾਨ ਵਿਚ ਉਤਰਿਆ ਜਾਵੇ ਜਾਂ 59-58 ਸੀਟਾਂ ਦੇ ਅਨੁਪਾਤ ਨਾਲ ਅਕਾਲੀ ਦਲ ਨਾਲ ਸਮਝੌਤਾ ਕੀਤਾ ਜਾਵੇ।
ਸੱਤਾਧਾਰੀ ਕਾਂਗਰਸ ਫ਼ਰਵਰੀ 2022 'ਚ ਦੁਬਾਰਾ ਕੁਰਸੀ ਸੰਭਾਲਣ ਦੇ ਰੌਂਅ ਵਿਚ, 5 ਨੇਤਾਵਾਂ ਦੇ ਮੁੱਖ ਮੰਤਰੀ ਪਦ 'ਤੇ ਨਜ਼ਰਾਂ ਰੱਖਣ ਵਾਸਤੇ ਅੰਦਰੂਨੀ ਝਗੜੇ 'ਚ ਗ੍ਰਸਤ ਹੈ।
ਕੈਪਟਨ ਤੋਂ ਇਲਾਵਾ ਬਾਜਵਾ, ਦੂਲੋ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ, ਤ੍ਰਿਪਤ ਰਾਜਿੰਦਰ, ਸੱਭ ਦਾਅਵੇਦਾਰ ਹਨ।