ਚੰਡੀਗੜ੍ਹ ਖੋਹ ਲਿਐ, ਪਾਣੀ ਖੋਹ ਲਿਐ, ਪੰਜਾਬ ਯੂਨੀਵਰਸਟੀ ਖੋਹਣ ਦੀ ਤਿਆਰੀ!
Published : Nov 9, 2025, 6:27 am IST
Updated : Nov 9, 2025, 7:03 am IST
SHARE ARTICLE
Nijji diary de panne late joginder Singh
Nijji diary de panne late joginder Singh

ਦਿੱਲੀ ਦੇ ‘ਮਹਾਰਾਜੇ' ਪੰਜਾਬ ਕੋਲ ਕੁੱਝ ਵੀ ਕਿਉਂ ਨਹੀਂ ਰਹਿਣ ਦੇਣਾ ਚਾਹੁੰਦੇ?

Nijji diary de panne late joginder Singh : ਸਾਰੇ ਹਿੰਦੁਸਤਾਨ ਦਾ ਨਕਸ਼ਾ ਸਾਹਮਣੇ ਰੱਖ ਲਉ। ਪੰਜਾਬ ਵਲੋਂ ਦੇਸ਼ ਦੀ ਖ਼ਾਤਰ ਕੀਤੀਆਂ ਕੁਰਬਾਨੀਆਂ ਦਾ ਮੁਕਾਬਲਾ ਕਿਸੇ ਵੀ ਹੋਰ ਸੂਬੇ ਨਾਲ ਕਰ ਲਉ। ਪੰਜਾਬ ਨਾਲੋਂ ਅੱਗੇ ਲੰਘਦਾ ਕੋਈ ਨਜ਼ਰ ਨਹੀਂ ਆਵੇਗਾ। ਪੰਜਾਬ ਨੇ ਅਪਣੀ ਮਿਹਨਤ, ਕੁਰਬਾਨੀ ਅਤੇ ਦਰਿਆ ਦਿਲੀ ਨਾਲ, ਹਰ ਸਫ਼ਲਤਾ ਲੈ ਕੇ ਹਿੰਦੁਸਤਾਨ ਦੀ ਝੋਲੀ ਵਿਚ ਪਾਈ। ਮੁਗ਼ਲਾਂ ਤੋਂ ਲੈ ਕੇ ਅੰਗਰੇਜ਼ਾਂ ਤਕ ਅਤੇ 1947 ਤੋਂ ਮਗਰੋਂ ਚੀਨ ਅਤੇ ਪਾਕਿਸਤਾਨ ਤਕ ਤੋਂ ਪੁਛ ਕੇ ਦੇਖ ਲਉ ਸਾਰੇ ਹਿੰਦੁਸਤਾਨ ’ਚੋਂ ਉਹ ਸੱਭ ਤੋਂ ਵੱਧ ਡਰ ਕਿਸ ਦਾ ਮੰਨਦੇ ਸਨ ਤੇ ਹਨ? 2 ਫ਼ੀ ਸਦੀ ਦੀ ਮਾਮੂਲੀ ਗਿਣਤੀ ਵਾਲੇ ਹਿੰਦੁਸਤਾਨੀ ਸਿੱਖਾਂ ਤੋਂ ਉਹ ਸੱਭ ਤੋਂ ਵੱਧ ਭੈਅ ਖਾਂਦੇ ਹਨ। ਉਹ ਕਹਿੰਦੇ ਹਨ, ‘‘ਜੇ ਸਿੱਖ ਹਿੰਦੁਸਤਾਨ ਵਿਚ ਨਾ ਹੋਣ ਤਾਂ ਅਸੀ ਹਿੰਦੁਸਤਾਨ ਨੂੰ ਦਿਨੇ ਤਾਰੇ ਵਿਖਾ ਦਈਏ।’’ ਪਰ ਇਨ੍ਹਾਂ ਹੀ ਸਿੱਖਾਂ ਨੇ ਜਦ 1947 ਤੋਂ ਬਾਅਦ ਇਹ ਮੰਗ ਰੱਖੀ ਕਿ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਉਹ ਤਾਂ ਪੂਰੇ ਕਰ ਦਿਉ ਤਾਂ ਜਵਾਬ ਮਿਲਿਆ, ‘‘ਜਦੋਂ ਵਾਅਦੇ ਕੀਤੇ ਸੀ, ਉਹ ਵਕਤ ਹੋਰ ਸੀ, ਅੱਜ ਵਕਤ ਹੋਰ ਹੈ। ਹੁਣ ਚੰਗਾ ਰਹੇਗਾ, ਤੁਸੀ ਵੀ ਪੁਰਾਣੇ ਵਾਅਦਿਆਂ ਨੂੰ ਭੁੱਲ ਜਾਉ।’’ ਸਿੱਖ ਦਿਲ ਫੜ ਕੇ ਰਹਿ ਗਏ।

ਫਿਰ ਸਿੱਖਾਂ ਆਖਿਆ, ‘‘ਸਾਰੇ ਦੇਸ਼ ਵਿਚ ਹਰ ਭਾਸ਼ਾ ਦਾ ਵਖਰਾ ਰਾਜ ਬਣਾ ਰਹੇ ਹੋ, ਪੰਜਾਬ ਵਿਚ ਇਕ ਪੰਜਾਬੀ ਸੂਬਾ ਬਣਾ ਦਿਉ।’’ ਜਵਾਬ ਮਿਲਿਆ, ‘‘ਦਿਲੋਂ ਤੁਸੀ ਸਿੱਖ ਬਹੁਗਿਣਤੀ ਵਾਲਾ ਰਾਜ ਬਣਾਉਣਾ ਚਾਹੁੰਦੇ ਹੋ ਤੇ ਬਾਹਰੋਂ ਨਾਂ ਪੰਜਾਬੀ ਸੂਬੇ ਦਾ ਲੈਂਦੇ ਹੋ। ਨਹੀਂ ਬਣਾਵਾਂਗੇ।’’ ਸਿੱਖਾਂ ਦੇ ਲੀਡਰ ਮਾ: ਤਾਰਾ ਸਿੰਘ ਨੇ ਜਵਾਬ ਦਿਤਾ, ‘‘ਸਾਡੇ ਦਿਲ ਵਿਚ ਕੀ ਏ ਤੇ ਤੁਹਾਡੇ ਵਿਚ ਕੀ ਏ, ਇਸ ਨੂੰ ਛੱਡ ਕੇ, ਉਸ ਤਰ੍ਹਾਂ ਹੀ ਪੰਜਾਬੀ ਸੂਬਾ ਤੁਸੀ ਆਪ ਬਣਾ ਦਿਉ, ਜਿਸ ਤਰ੍ਹਾਂ ਦੇ ਭਾਸ਼ਾਈ ਸੂਬੇ ਤੁਸੀ ਬਾਕੀ ਦੇਸ਼ ਵਿਚ ਬਣਾ ਰਹੇ ਹੋ। ਨਾ ਸਾਡੇ ਦਿਲ ਦੀ ਸੁਣੋ, ਨਾ ਅਪਣੇ ਦਿਲ ਦੀ, ਬਸ ਸਰਕਾਰੀ ਫ਼ੈਸਲਾ ਪੱਖਪਾਤ ਕੀਤੇ ਬਿਨਾਂ, ਸਾਰੇ ਦੇਸ਼ ਵਾਂਗ, ਪੰਜਾਬ ਵਿਚ ਵੀ ਲਾਗੂ ਕਰ ਦਿਉ।’’

ਪੰਡਤ ਨਹਿਰੂ ਨੇ 15 ਅਗੱਸਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਐਲਾਨ ਕੀਤਾ, ‘‘ਪੰਜਾਬੀ ਸੂਬਾ ਕਭੀ ਨਹੀਂ ਬਨੇਗਾ। ਯੇਹ ਹਮੇਸ਼ਾ ਅਕਾਲੀਉਂ ਕੇ ਦਿਮਾਗ਼ੋਂ ਮੇਂ ਹੀ ਰਹੇਗਾ।’’ ਕਿਉਂ ਬਈ? ਕੋਈ ਜਵਾਬ ਨਹੀਂ। ਪਰ ਉਸ ਵੇਲੇ ਦੇ ਅਕਾਲੀ ਬੜੇ ਸੱਚੇ ਤੇ ਸਿਰੜੀ ਸਨ। ‘‘ਮੈਂ ਮਰਾਂ ਪੰਥ ਜੀਵੇ’’ ਦੇ ਸਿਧਾਂਤ ’ਤੇ ਚਲਣ ਵਾਲੇ ਸਨ। ਅਪਣੀ ਹੱਕੀ ਮੰਗ ਮਨਵਾਉਣ ਲਈ ਜੂਝਦੇ ਰਹੇ। ਹਾਲਾਤ ਐਸੇ ਬਣੇ ਕਿ ਪਾਕਿਸਤਾਨ ਨਾਲ ਜੰਗ ਹੋਈ। ਉਹ ਰੇਡੀਉ ਪ੍ਰੋਗਰਾਮਾਂ ਰਾਹੀਂ ਸਿੱਖਾਂ ਨੂੰ ਅਪਣੇ ਵਲ ਖਿੱਚਣ ਲੱਗੇ ਤੇ ਹਿੰਦੁਸਤਾਨ ਸਰਕਾਰ ਦੀਆਂ ਸਿੱਖਾਂ ਪ੍ਰਤੀ ਜ਼ਿਆਦਤੀਆਂ ਨੂੰ ਉਛਾਲਣ ਲੱਗੇ। ਚੀਨ ਨਾਲ ਹੋਈ ਜੰਗ ਦੌਰਾਨ, ਚੀਨ ਵੀ ਸਿੱਖਾਂ ਦੇ ਗੁਣ ਗਾਉਣ ਲੱਗਾ। ਸੋ ਮਜਬੂਰੀ ਵੱਸ, ਪੰਜਾਬੀ ਸੂਬਾ ਦੇਣਾ ਪਿਆ ਪਰ ਪਹਿਲੇ ਦਿਨ ਹੀ ਗੁਲਜ਼ਾਰੀ ਲਾਲ ਨੰਦਾ ਨੇ ਸਰਕਾਰ ਦੀ ਸੋਚ ‘ਹਿੰਦ ਸਮਾਚਾਰ’ ਜਲੰਧਰ ਦੇ ਸਾਬਕਾ ਐਡੀਟਰ ਨੂੰ ਖੋਲ੍ਹ ਕੇ ਦਸ ਦਿਤੀ, ‘‘ਫ਼ਿਕਰ ਨਾ ਕਰੋ, ਅਜਿਹਾ ਪੰਜਾਬੀ ਸੂਬਾ ਬਣਾਵਾਂਗੇ ਕਿ ਥੋੜੇ ਸਮੇਂ ਬਾਅਦ ਸਿੱਖ ਆਪ ਹੀ ਕਹਿਣ ਲੱਗ ਜਾਣਗੇ ਕਿ ਇਹਦੇ ਨਾਲੋਂ ਤਾਂ ਅਸੀ ਪਹਿਲਾਂ ਜ਼ਿਆਦਾ ਚੰਗੇ ਸੀ, ਸਾਨੂੰ ਪਹਿਲਾਂ ਵਾਲੀ ਹਾਲਤ ਵਿਚ ਹੀ ਭੇਜ ਦਿਉ।’’

ਸੋ ਉਦੋਂ ਤੋਂ ਇਹ ਕੰਮ ਬਾਕਾਇਦਗੀ ਨਾਲ ਕੀਤਾ ਜਾ ਰਿਹਾ ਹੈ ਤਾਕਿ ਸਿੱਖ ਆਪ ਇਹ ਮਤਾ ਪਾਸ ਕਰ ਕੇ ਆਖਣ ਕਿ ‘‘ਸਾਨੂੰ ਪੰਜਾਬੀ ਸੂਬੇ ਤੋਂ ਪਹਿਲਾਂ ਵਾਲੀ ਹਾਲਤ ਵਿਚ ਹੀ ਵਾਪਸ ਭੇਜ ਦਿਉ ਕਿਉਂਕਿ ਸਾਨੂੰ ਪੰਜਾਬੀ ਸੂਬੇ ਦੀ ਕੋਈ ਲੋੜ ਨਹੀਂ ਰਹੀ।’’ ਜਿਸ ਸੂਬੇ ਕੋਲੋਂ ਪਾਣੀ ਵੀ ਖੋਹ ਲਉ, ਰਾਜਧਾਨੀ ਵੀ ਖੋਹ ਲਉ, ਜ਼ਮੀਨ ਵੀ ਖੋਂਹਦੇ ਨਜ਼ਰ ਆਉ, ਸੱਭ ਤੋਂ ਪਹਿਲੀ ਯੂਨੀਵਰਸਿਟੀ ਵੀ ਖੋਹ ਲਉ, ਉਸ ਦੇ ਬਾਸ਼ਿੰਦੇ ਕਿਸੇ ਵੇਲੇ ਤੰਗ ਆ ਕੇ ਕਹਿ ਵੀ ਸਕਦੇ ਨੇ ਕਿ ‘‘ਭੱਠ ਪਿਆ ਸੋਨਾ ਜਿਹੜਾ ਕੰਨ ਪਾੜੇ।’’
ਚਲੋ ਬਾਕੀ ਗੱਲਾਂ ਬਾਰੇ ਤਾਂ ਅਸੀ ਕਈ ਵਾਰ ਵਿਚਾਰ ਚਰਚਾ ਕਰ ਚੁੱਕੇ ਹਾਂ ਪਰ ਇਹ ਯੂਨੀਵਰਸਟੀ ਖੋਹਣ ਪਿੱਛੇ ਦਾ ਰਹੱਸ ਕੀ ਹੈ? ਉਨ੍ਹਾਂ ਦੀਆਂ ਖ਼ੁਫ਼ੀਆ ਏਜੰਸੀਆਂ ਦੀਆਂ ਰੀਪੋਰਟਾਂ ਹਨ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਵਿਚੋਂ ਪੰਜਾਬ ਯੂਨੀਵਰਸਟੀ ਹੀ ਇਕ ਅਜਿਹੀ ਯੂਨੀਵਰਸਟੀ ਹੈ ਜਿਥੋਂ ਦੇ ਨੌਜੁਆਨ, ਪੰਜਾਬ ਤੇ ਪੰਜਾਬੀ ਲਈ ਸੱਭ ਤੋਂ ਜ਼ਿਆਦਾ ਸੁਚੇਤ ਹਨ ਤੇ ਇਨ੍ਹਾਂ ਨੂੰ ਦਬਾਉਣ ਲਈ ‘ਪੰਜਾਬ’ ਯੂਨੀਵਰਸਟੀ, ਪੰਜਾਬ ਦੇ ਅਧੀਨ ਨਹੀਂ, ਕੇਂਦਰ ਦੇ ਅਧੀਨ ਹੋਣੀ ਚਾਹੀਦੀ ਹੈ। ਹੋ ਸਕਦਾ ਹੈ, ਕੇਂਦਰੀਕਰਨ ਮਗਰੋਂ ਇਸ ਦਾ ਨਾਂ ਵੀ ਬਦਲ ਦੇਣ (ਜਿਵੇਂ ਦਿਆਲ ਸਿੰਘ ਕਾਲਜ ਦਾ ਇਕ ਵਾਰ ਤਾਂ ਬਦਲ ਹੀ ਦਿਤਾ ਸੀ)। ਸੋ ਕਾਫ਼ੀ ਦੇਰ ਤੋਂ ਇਸ ਯੂਨੀਵਰਸਟੀ ਨੂੰ ਬਾਹਰੀ ਵਿਦਵਾਨਾਂ ਦੇ ਹੱਥਾਂ ਵਿਚ ਦੇ ਕੇ ਪੰਜਾਬੀ ਵਿਦਵਤਾ ਨੂੰ ਨਜ਼ਰ-ਅੰਦਾਜ਼ ਕਰਨ ਦਾ ਪ੍ਰੋਗਰਾਮ ਚਲ ਰਿਹਾ ਹੈ।

ਹੁਣ ਇਹ ਕਹਿੰਦੇ ਹਨ ਕਿ ਇਹ ਯੂਨੀਵਰਸਟੀ ਘਾਟੇ ਵਿਚ ਜਾ ਰਹੀ ਹੈ। ਚੰਡੀਗੜ੍ਹ ਦੇ ਇਲਾਕੇ ਵਿਚ ਪੰਜਾਬ ਯੂਨੀਵਰਸਟੀ ਦੇ ਮੁਕਾਬਲੇ ਚਾਰ ਵੱਡੀਆਂ ਪ੍ਰਾਈਵੇਟ ਯੂਨੀਵਰਸਟੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਤਾਂ ਕੋਈ ਘਾਟਾ ਨਹੀਂ ਪੈ ਰਿਹਾ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਚੰਡੀਗੜ੍ਹ ਦੁਆਲੇ ਸਾਰੀਆਂ ਪ੍ਰਾਈਵੇਟ ਯੂਨੀਵਰਸਟੀਆਂ ਦੇ ਪ੍ਰਬੰਧਕ ਪੰਜਾਬੀ ਹਨ। ਮੈਨੂੰ ਮਾਫ਼ ਕੀਤਾ ਜਾਏ ਇਹ ਕਹਿਣ ਲਈ ਕਿ ਵਿਦਿਅਕ ਅਦਾਰੇ ਬਾਹਰੋਂ ਆਏ ਵਿਦਵਾਨਾਂ ਕੋਲੋਂ ਨਹੀਂ ਸੰਭਲ ਸਕਦੇ, ਭਾਵੇਂ ਉਹ ਕਿੰਨੇ ਵੀ ਚੰਗੇ ਤੇ ਗੁਣੀ ਕਿਉਂ ਨਾ ਹੋਣ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਕਿ ਕਿਤੇ ਕੋਈ ਇਹ ਨਾ ਸਮਝੇ ਕਿ ਮੈਂ ਕਿਸੇ ਵੀਸੀ ਦਾ ਵਿਰੋਧ ਕਰ ਰਿਹਾ ਹਾਂ। ਨਹੀਂ, ਮੈਂ ਅਸੂਲ ਦੀ ਗੱਲ ਕਰ ਰਿਹਾ ਹਾਂ ਕਿ ਵਿਦਿਅਕ ਅਦਾਰੇ ਸਥਾਨਕ ਵਿਦਵਾਨਾਂ ਦੀ ਦੇਖ-ਰੇਖ ਵਿਚ ਹੀ ਪ੍ਰਫੁੱਲਤ ਹੋ ਸਕਦੇ ਹਨ।

ਮੈਂ ਆਪ ਇਸੇ ਯੂਨੀਵਰਸਟੀ ਤੋਂ ਦਸਵੀਂ, ਬੀ.ਏ., ਐਲ.ਐਲ.ਬੀ. (ਕਾਨੂੰਨ) ਦੀ ਪੜ੍ਹਾਈ ਕੀਤੀ ਹੈ। ਇਸ ਯੂਨੀਵਰਸਟੀ ਨੂੰ ਹੇਠਾਂ ਤੋਂ ਹੇਠਾਂ ਜਾਂਦੀ ਵੇਖ ਕੇ ਮੈਨੂੰ ਬਹੁਤ ਦੁਖ ਲਗਦਾ ਹੈ। ਮੈਂ ਇਸ ਯੂਨੀਵਰਸਟੀ ਦੇ ਹੋਸਟਲਾਂ ਵਿਚ ਰਹਿ ਕੇ ਪੜਿ੍ਹਆ ਹਾਂ, ਇਸ ਦੇ ਕਿਣਕੇ ਕਿਣਕੇ ਨੂੰ ਪਿਆਰ ਕਰਦਾ ਹਾਂ। ਮੈਂ ਇਥੇ ਪਿਆਰ ਬੀਜਿਆ, ਪਿਆਰ ਦੀ ਫ਼ਸਲ ਵੱਢੀ, ਉਹ ਦੋਸਤੀਆਂ ਬਣਾਈਆਂ ਜੋ ਬਹੁਤ  ਸਮਾਂ ਪਹਿਲਾਂ ‘ਮਰ ਚੁਕੀਆਂ’ ਹੋਣ ਦੇ ਬਾਵਜੂਦ, ਯੂਨੀਵਰਸਟੀ ਦੀ ਸੜਕ ’ਤੇ ਪੈਰ ਰਖਦਿਆਂ ਹੀ ਜੀਵਤ ਹੋ ਜਾਂਦੀਆਂ ਹਨ ਤੇ ਲਗਦਾ ਹੈ, ਉਹ ਮੈਨੂੰ ਜੱਫੀ ਵਿਚ ਲੈਣ ਲਈ ਮੇਰੇ ਵਲ ਦੌੜ ਰਹੀਆਂ ਹਨ। ਪਰ ਮਨ ਬੜਾ ਦੁਖੀ ਹੁੰਦਾ ਹੈ ਜਦ ਗ਼ੈਰ ਪੰਜਾਬੀ ਪ੍ਰਬੰਧਕ ਬਾਹਰੋਂ ਆ ਕੇ ਇਸ ਨੂੰ ਕੇਂਦਰ ਦੇ ਹਵਾਲੇ ਕਰਨ ਤੇ ਪੰਜਾਬ ਦਾ ਹੱਕ ਮਾਰਨ ਦੀ ਗੱਲ ਕਰਦੇ ਹਨ। ਰੁਕ ਜਾਉ ਭਰਾਉ ਵਰਨਾ ਪੰਜਾਬ ਇਹ ਧੱਕਾ ਸਹਿਣ ਨਹੀਂ ਕਰ ਸਕੇਗਾ। ਊਠ ਦੀ ਪਿੱਠ ’ਤੇ ਪਹਿਲਾਂ ਹੀ ਬਹੁਤ ਭਾਰ ਲੱਦ ਚੁੱਕੇ ਹਾਂ, ਉਹ ਆਖ਼ਰੀ ਤੀਲਾ ਨਾ ਰਖਣਾ ਜਿਸ ਦੇ ਭਾਰ ਹੇਠ ਉਹ ਆਪ ਵੀ ਡਿਗ ਪਵੇਗਾ ਤੇ ਉਪਰ ਲੱਦੇ ਸੱਭ ਕੁੱਝ ਨੂੰ ਵੀ ਮਿੱਟੀ ਵਿਚ ਮਿਲਾ ਦੇਵੇਗਾ। 
(19 ਜੂਨ 2022 ਦੇ ਪਰਚੇ ਵਿਚੋਂ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement