
ਨਵਜੋਤ ਸਿੱਧੂ ਨੇ ਵੀ ਇਕ ਦਿਨ ਲਈ ਸੱਦੇ ਜਾ ਰਹੇ ਵਿਧਾਨ ਸਭਾ ਸੈਸ਼ਨ 'ਤੇ ਸਵਾਲ ਉਠਾਇਆ
ਚੰਡੀਗੜ੍ਹ, 30 ਅਗੱਸਤ (ਗੁਰਉਪਦੇਸ਼ ਭੁੱਲਰ) : ਵਿਰੋਧੀ ਪਾਰਟੀਆਂ ਵਲੋਂ 3 ਸਤੰਬਰ ਦੇ ਵਿਧਾਨ ਸਭਾ ਸੈਸ਼ਨ ਦਾ ਸਮਾਂ ਸਿਰਫ਼ ਇਕ ਦਿਨ ਰੱਖੇ ਜਾਣ ਦਾ ਵਿਰੋਧ ਕਰ ਕੇ ਇਸ ਦਾ ਸਮਾਂ ਵਧਾਉਣ ਦੀ ਕੀਤੀ ਜਾ ਰਹੀ ਮੰਗ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇਕ ਦਿਨ ਦਾ ਸੈਸ਼ਨ ਸੱਦੇ ਜਾਣ 'ਤੇ ਸਵਾਲ ਚੁਕਦਿਆਂ ਘੱਟੋ ਘੱਟ 5 ਤੋਂ 7 ਦਿਨ ਦਾ ਵਿਧਾਨ ਸਭਾ ਸੈਸ਼ਨ ਸੱਦਣ ਦੀ ਮੰੰਗ ਉਠਾਈ ਹੈ |
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਵਿਚ ਐਸ.ਵਾਈ.ਐਲ ਬਾਰੇ ਸਮਝੌਤਾ ਰੱਦ ਕਰਨ ਦੀ ਥਾਂ ਮਤਾ ਲਿਆ ਕੇ ਬਾਦਲ ਸਰਕਾਰ ਸਮੇਂ ਹੋਏ ਸਾਰੇ ਬਿਜਲੀ ਸਮਝੌਤੇ ਵੀ ਰੱਦ ਕੀਤੇ ਜਾਣੇ ਚਾਹੀਦੇ ਹਨ | ਉਨ੍ਹਾਂ ਅੱਜ ਕਿਹਾ ਹੈ ਕਿ ਇਹ ਚੰਗੀ ਗੱਲ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਇਕ ਦਿਨ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ ਪਰ ਇਕ ਦਿਨ ਵਿਚ ਹੋਰ ਵਿਧਾਨਕ ਕੰਮਕਾਰ ਨਹੀਂ ਹੋ ਸਕਣਗੇ | ਇਸ ਲਈ ਘੱਟੋ ਘੱਟ ਇਕ ਹਫ਼ਤੇ ਦਾ ਸੈਸ਼ਨ ਸੱਦਿਆ ਜਾਣਾ ਚਾਹੀਦਾ ਹੈ |
ਪੰਜਾਬ ਦੇ ਬਹੁਤ ਭਖਦੇ ਮੁੱਦੇ ਹਨ ਜਿਨ੍ਹਾਂ ਬਾਰੇ ਵਿਧਾਨ ਸਭਾ ਵਿਚ ਚਰਚਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਐਸ.ਵਾਈ.ਐਲ ਦਾ ਸਮਝੌਤਾ ਰੱਦ ਕੀਤਾ ਗਿਆ ਸੀ, ਉਸੇ ਤਰ੍ਹਾਂ ਨਿਜੀ ਕੰਪਨੀਆਂ ਨਾਲ ਹੋਏ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਵੀ ਟਰਮੀਨੇਸ਼ਨ ਆਫ਼ ਪੀ.ਪੀ.ਏਜ਼ ਐਕਟ ਪਾਸ ਕੀਤਾ ਜਾਵੇ | ਇਸ ਨਾਲ ਸੂਬੇ ਨੂੰ 50 ਹਜ਼ਾਰ ਕਰੋੜ ਦਾ ਫ਼ਾਇਦਾ ਹੋਵੇਗਾ ਅਤੇ ਚੋਰ ਮੋਰੀਆਂ ਬੰਦ ਹੋਣ ਨਾਲ ਲੋਕਾਂ ਨੂੰ ਵਾਅਦੇ ਮੁਤਾਬਕ ਸਸਤੀ ਬਿਜਲੀ ਦਿਤੀ ਜਾ ਸਕੇਗੀ | ਮਹਿੰਗੇ ਭਾਅ ਬਾਹਰੋਂ ਬਿਜਲੀ ਦੀ ਖ਼ਰੀਦ ਵੀ ਬੰਦ ਹੋਣੀ ਚਾਹੀਦੀ ਹੈ |