
ਕਦੇ ਪਿੰਡ ਦੇ ਨਾਮ ਤੋਂ ਆਉਂਦੀ ਸੀ ਸ਼ਰਮ ਤੇ ਹੁਣ ਲੋਕ ਕਰਦੇ ਹਨ ਸਲਾਮਾਂ
5000 ਵੋਟਾਂ ਵਾਲੇ ਪਿੰਡ ਵਿਚ 400 ਤੋਂ ਵੱਧ ਸਰਕਾਰੀ ਮੁਲਾਜ਼ਮ ਤੇ 150 ਤੋਂ ਵੱਧ ਅਧਿਆਪਕ
ਫ਼ਾਜ਼ਿਲਕਾ, 30 ਅਗੱਸਤ (ਚਰਨਜੀਤ ਸਿੰਘ ਸੁਰਖ਼ਾਬ): ਪਹਿਲਾਂ ਜਦੋਂ ਵੀ ਕੋਈ ਸਾਡੇ ਪਿੰਡ ਦਾ ਨਾਮ ਲੈਂਦਾ ਸੀ ਤਾਂ ਸ਼ਰਮ ਆਉਂਦੀ ਸੀ, ਪਰ ਹੁਣ ਲੋਕ ਕਹਿੰਦੇ ਹਨ ਕਿ ਪਿੰਡ ਡੰਗਰ ਖੇੜੇ ਦੇ ਲੋਕ ਪੜ੍ਹਾਈ ਵਿਚ ਸੱਭ ਤੋਂ ਅੱਗੇ ਹਨ | ਇਹ ਸ਼ਬਦ ਪਿੰਡ ਦੇ ਨੌਜਵਾਨ ਕਰਨ ਦੇ ਹਨ, ਜੋ ਅਧਿਆਪਕ ਬਣਨ ਲਈ ਇਮਤਿਹਾਨ ਦੀ ਤਿਆਰੀ ਕਰ ਰਿਹਾ ਹੈ | ਰਾਜਸਥਾਨ ਦੇ ਨਜ਼ਦੀਕ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਡੰਗਰ ਖੇੜਾ ਸੂਬੇ ਦਾ ਇਕਲੌਤਾ ਅਜਿਹਾ ਪਿੰਡ ਹੈ ਜਿਸ ਨੇ ਹੁਣ ਤਕ 150 ਤੋਂ ਵੱਧ ਸਰਕਾਰੀ ਅਧਿਆਪਕ ਦਿਤੇ ਹਨ | ਅੰਦਾਜ਼ਨ 5000 ਵੋਟ ਵਾਲੇ ਇਸ ਪਿੰਡ ਵਿਚੋਂ 400 ਤੋਂ ਵੱਧ ਸਰਕਾਰੀ ਮੁਲਾਜ਼ਮ ਹਨ, ਜੋ ਆਉਣ ਵਾਲਿਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹਨ |
ਦਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਹੋਈ ਅਧਿਆਪਕਾਂ ਦੀ ਭਰਤੀ ਵਿਚ ਇੱਕਲੇ ਡੰਗਰ ਖੇੜਾ ਦੇ ਪਿੰਡ ਤੋਂ 30 ਨੌਜਵਾਨ ਚੁਣੇ ਗਏ ਤੇ ਇਸ ਤੋਂ ਪਹਿਲਾਂ ਵਾਲੀ ਭਰਤੀ ਦੌਰਾਨ ਵੀ ਪਿੰਡ ਦੇ ਤਕਰੀਬਨ 21 ਨੌਜਵਾਨ ਅਧਿਆਪਕ ਵਜੋਂ ਭਰਤੀ ਹੋਏ | 150 ਤੋਂ ਵੱਧ ਅਧਿਆਪਕ ਹੋਣ ਸਦਕਾ ਹੁਣ ਪਿੰਡ ਨੂੰ 'ਮਾਸਟਰ ਖੇੜਾ' ਕਹਿਣਾ ਸ਼ੁਰੂ ਕਰ ਦਿਤਾ ਗਿਆ ਹੈ | ਦਰਅਸਲ ਪਿੰਡ ਅੰਦਰ 4 ਲਾਇਬ੍ਰੇਰੀਆਂ ਹਨ, ਜੋ ਨੌਜਵਾਨਾਂ ਵਿਚ ਪੜ੍ਹਾਈ ਤੇ ਸਰਕਾਰੀ ਨੌਕਰੀ ਦੀ ਚਿਣਗ ਲਾਉਂਦੀ ਹੈ | ਸਰਕਾਰੀ ਨੌਕਰੀ ਲਈ ਯੋਗਤਾ ਟੈਸਟ ਦੀ ਤਿਆਰੀ ਕਰ ਰਹੇ ਨੌਜਵਾਨ ਕਰਨ ਨੇ ਦਸਿਆ ਕਿ ਇਕ ਸਮਾਂ ਸੀ ਜਦੋਂ ਪਿੰਡ ਦਾ ਨਾਮ ਸੁਣ ਲੋਕ ਹੱਸਦੇ ਸੀ ਤੇ ਨੌਜਵਾਨਾਂ ਨੂੰ ਪਿੰਡ ਦਾ ਨਾਮ ਦਸਣ 'ਚ ਵੀ ਸ਼ਰਮ ਆਉਂਦੀ ਸੀ ਪਰ ਹੁਣ ਲੋਕ ਜਦੋਂ ਅਧਿਆਪਕਾਂ ਵਾਲਾ ਡੰਗਰ ਖੇੜਾ ਕਹਿ ਕਿ ਸੰਬੋਧਨ ਕਰਦੇ ਹਨ ਤਾਂ ਸੀਨਾ ਚੌੜਾ ਹੋ ਜਾਂਦਾ ਹੈ | ਸਿਰਫ਼ ਐਨਾ ਹੀ ਨਹੀਂ ਪਿੰਡ ਦੀਆਂ ਵਿਆਹੀਆਂ
ਨੌਜਵਾਨ ਕੁੜੀਆਂ ਵੀ ਹੁਣ ਇਨ੍ਹਾਂ ਲਾਇਬ੍ਰੇਰੀਆਂ ਵਿਚ ਪੜ੍ਹਨ ਆਉਂਦੀਆਂ ਹਨ ਤੇ ਸਰਕਾਰੀ ਨੌਕਰੀ ਦੇ ਨਾਲ ਅਪਣੀ ਜ਼ਿੰਦਗੀ ਬਦਲਣ ਦਾ ਹੌਂਸਲਾ ਰਖਦੀਆਂ ਹਨ |
ਰਾਜਸਥਾਨ ਤੋਂ ਵਿਆਹ ਕੇ ਡੰਗਰ ਖੇੜਾ ਪਿੰਡ ਵਿਚ ਆਈ ਰਜਨੀ ਦਾ ਕਹਿਣਾ ਹੈ ਕਿ ਪਿੰਡ ਵਿਚਲੇ ਸਿਖਿਆ ਦੇ ਕਲਚਰ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਦਿਤਾ ਹੈ | ਰਜਨੀ ਦਾ ਸਹੁਰਾ ਪ੍ਰਵਾਰ ਪੂਰਨ ਸਹਿਯੋਗ ਦਿੰਦਾ ਹੈ ਤੇ ਪਿੰਡ ਅੰਦਰ ਬਣੀ ਲਾਇਬ੍ਰੇਰੀ ਵਿਚ ਪੜ੍ਹਨ ਲਈ ਉਹ ਘਰ ਦਾ ਕੰਮਕਾਜ ਸਮੇਂ ਸਿਰ ਨਿਬੇੜ ਦਿੰਦੀ ਹੈ | ਰਜਨੀ ਦੇ ਦਸਣ ਮੁਤਾਬਕ ਪਿੰਡ ਅੰਦਰ 50 ਤੋਂ ਵੱਧ ਕੁੜੀਆਂ ਸਰਕਾਰੀ ਰੁਜ਼ਗਾਰ ਲਈ ਹੁੰਦੇ ਇਮਤਿਹਾਨ ਦੀ ਤਿਆਰੀ ਕਰ ਰਹੀਆਂ ਹਨ ਤੇ ਉਸ ਨੂੰ ਵਿਸ਼ਵਾਸ ਹੈ ਕਿ ਉਹ ਸਾਰੇ ਜ਼ਰੂਰ ਕਾਮਯਾਬ ਹੋਣਗੇ | ਇਸ ਪਿੰਡ ਦੇ ਵਸਨੀਕ ਸਰਕਾਰੀ ਅਧਿਆਪਕ ਕੁਲਜੀਤ ਸਿੰਘ ਨੇ ਦਸਿਆ ਕਿ ਸੂਬੇ ਦੇ ਹਰ ਜ਼ਿਲ੍ਹੇ ਵਿਚ ਇਸ ਪਿੰਡ ਦੇ ਅਧਿਆਪਕ ਸੇਵਾ ਨਿਭਾ ਰਹੇ ਹਨ | ਪਿੰਡ ਦੇ ਨੌਜਵਾਨ ਅਧਿਆਪਕ ਦੇ ਨਾਲ-ਨਾਲ, ਪੰਜਾਬ ਪੁਲਿਸ ਤੇ ਫ਼ੌਜ ਸਮੇਤ ਹੋਰ ਅਨੇਕਾਂ ਵਿਭਾਗਾਂ ਵਿਚ ਸੇਵਾ ਨਿਭਾ ਰਹੇ ਹਨ ਹਾਲਾਂਕਿ ਪੰਜਾਬ ਸਰਕਾਰ ਨੇ ਵੀ ਨੌਜਵਾਨਾਂ ਦੀ ਲਗਨ ਨੂੰ ਦੇਖਦੇ ਹੋਏ ਡੰਗਰ ਖੇੜਾ ਪਿੰਡ ਵਿਚ ਇਕ ਸਾਂਝੀ ਸਰਕਾਰੀ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ ਹੈ |