
Bibi Jagir Kaur News : ਕਿਹਾ, ਸੁਖਬੀਰ ਸਿੰਘ ਬਾਦਲ ਨੂੰ ਮਰਿਆਦਾ ਬਾਰੇ ਹੀ ਨਹੀਂ ਪਤਾ, ਉਹ ਸਿੱਧੇ ਤੌਰ ’ਤੇ ਅਕਾਲ ਤਖਤ ਸਾਹਿਬ ’ਤੇ ਨਹੀਂ ਜਾ ਸਕਦੇ
Bibi Jagir Kaur News : (ਬਲਜਿੰਦਰ ਕੌਰ): ਸੁਖਬੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਾਹਿਬਾਨਾਂ ਵਲੋਂ ਤਨਖ਼ਾਹੀਆ ਕਰਾਰ ਦਿਤੇ ਜਾਣ ਤੋਂ ਬਾਅਦ ਅੱਜ ਅਕਾਲ ਤਖ਼ਤ ਜਾ ਕੇ ‘ਖਿਮਾ ਜਾਚਨਾ’ ਪੇਸ਼ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੀ ਆਗੂ ਬੀਬੀ ਜਾਗੀਰ ਕੌਰ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਪਤਾ ਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਅੱਜ ਸਿੱਧੇ ਤੌਰ ’ਤੇ ਅਕਾਲ ਤਖ਼ਤ ਚਲੇ ਗਏ ਮਰਿਆਦਾ ਅਨੁਸਾਰ ਉਸ ਤਰ੍ਹਾਂ ਨਹੀਂ ਜਾ ਸਕਦੇ ਸਨ।
ਇਕ ਪ੍ਰੈੱਸ ਕਾਨਫ਼ਰੰਸ ’ਚ ਉਨ੍ਹਾਂ ਖਿਮਾ ਮੰਗਣ ਦਾ ਸਹੀ ਤਰੀਕਾ ਦਸਦਿਆਂ ਕਿਹਾ, ‘‘ਉਹ ਸੱਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਚਿੱਠੀ ਦਿੰਦੇ ਅਤੇ ਕਹਿੰਦੇ ਕਿ ‘ਮੈਂ ਅਪਣੀ ਖਿਮਾ ਜਾਚਨਾ ਕਰਨਾ ਚਾਹੁੰਦਾ ਹਾਂ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ ਉਹ ਸਿੱਧੇ ਤੌਰ ’ਤੇ ਨਹੀਂ ਜਾ ਸਕਦੇ ਸਨ।’’ ਉਨ੍ਹਾਂ ਦੋਸ਼ ਲਾਇਆ ਕਿ ਇਕ ਸਿੱਖ ਹੋ ਕੇ ਵੀ ਸੁਖਬੀਰ ਨੂੰ ਮਰਿਆਦਾ ਬਾਰੇ ਪਤਾ ਨਹੀਂ ਹੈ।
ਉਨ੍ਹਾਂ ਕਿਹਾ, ‘‘ਤਨਖ਼ਾਹੀਆ ਕਰਾਰ ਦਿਤੇ ਜਾਣ ਕਾਰਨ ਮਰਿਆਦਾ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਵਿਚ ਜਾ ਸਕਦੇ ਹਨ ਪਰ ਉਥੇ ਨਾ ਤਾਂ ਇਹ ਕੜਾਹ ਪ੍ਰਸਾਦ ਕਰਵਾ ਸਕਦੇ ਹਨ ਅਤੇ ਨਾ ਹੀ ਅਰਦਾਸ ਕਰਵਾ ਸਕਦੇ ਹਨ ਕਿਉਂਕਿ ਕੁੱਝ ਧਾਰਮਕ ਜਾਂ ਪੰਥਕ ਤੌਰ ’ਤੇ ਵੀ ਮਰਿਆਦਾਵਾਂ ਹੁੰਦੀਆਂ ਹਨ।’’ ਉਨ੍ਹਾਂ ਕਿਹਾ ਕਿ ਜਦ ਤਕ ਸੁਖਬੀਰ ਸਿੰਘ ਬਾਦਲ ਤਨਖਾਹੀਆ ਮੁਆਫ਼ ਨਹੀਂ ਹੋ ਜਾਂਦੇ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰ ਸਕਦੇ ਅਤੇ ਕਿਸੇ ਕੋਲ ਨਹੀਂ ਜਾ ਸਕਦੇ।
ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਸਮਝ ਨਹੀਂ ਆਉਂਦੀ ਸੁਖਬੀਰ ਸਿੰਘ ਬਾਦਲ ਗੁਨਾਹ ’ਤੇ ਗੁਨਾਹ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ‘ਮੈਂ ਨਿਮਾਣਾ ਬਣ ਕੇ ਜਾ ਰਿਹਾ ਹਾਂ’ ਪਰ ਉਹ ਪ੍ਰਧਾਨਗੀ ਨਹੀਂ ਛੱਡ ਰਹੇ ਤਾਂ ਦੱਸੋ ਨਿਮਾਣਾ ਕਿਥੋਂ ਬਣ ਗਿਆ। ਨਿਮਾਣਾ ਮਨ ਤੋਂ ਬਣਿਆ ਜਾਂਦਾ ਹੈ ਨਾ ਲੋਕਾਂ ਨੂੰ ਵਿਖਾਵਾ ਕਰ ਕੇ ਬਣਿਆ ਜਾਂਦਾ ਹੈ। ਪਰ ਉਹ ਜਾਣਨਾ ਹੀ ਨਹੀਂ ਚਾਹੁਦੇ ਕਿ ਪੰਥਕ ਮਰਿਆਦਾ ਕੀ ਹੁੰਦੀ ਹੈ। ਜੇ ਸੁਖਬੀਰ ਪ੍ਰਧਾਨ ਦਾ ਅਹੁਦਾ ਨਹੀਂ ਛੱਡ ਰਹੇ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵਗਿਆ ਕਰ ਰਹੇ ਹਨ।’’
ਉਨ੍ਹਾਂ ਕਿਹਾ, ‘‘ਇਕ ਸਿੱਖ ਹੋ ਕੇ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਦਾ ਘਾਣ ਕਰ ਰਹੇ ਹਨ। ਜਿਵੇਂ ਉਹ ਉਥੇ ਦੀਆਂ ਧਾਰਮਕ ਪਰੰਪਰਾਵਾਂ ਨੂੰ ਜਾਣਨਾ ਹੀ ਨਹੀਂ ਚਾਹੁੰਦੇ ਅਤੇ ਮਰਿਆਦਾ ਬਾਰੇ ਪਤਾ ਹੀ ਨਹੀਂ ਹੈ। ਇਸ ਲਈ ਮੈਂ ਸਮਝਦੀ ਹਾਂ ਕਿ ਇਹ ਗੱਲ ਬਹੁਤ ਚਿੰਤਾ ਜਨਕ ਹੈ। ਜਦ ਉਸ ਨੂੰ ਮਰਿਆਦਾ ਦਾ ਨਹੀਂ ਪਤਾ ਤਾਂ ਉਸ ਨੂੰ ਪ੍ਰਧਾਨ ਬਣਨ ਦਾ ਕੋਈ ਹੱਕ ਨਹੀਂ ਹੈ।’’
‘ਸਿੰਘ ਸਾਹਿਬਾਨ ਨੇ 15 ਦਿਨਾਂ ’ਚ ਸਾਬਕਾ ਮੰਤਰੀਆਂ ਨੂੰ ਸਪਸ਼ਟੀਕਰਨ ਦੇਣ ਦੇ ਲਈ ਕਿਹਾ’
ਬੀਬੀ ਜਗੀਰ ਕੌਰ ਨੇ ਕਿਹਾ ਸਾਬਕਾ ਕੈਬਨਿਟ ਮੰਤਰੀਆਂ ਨੇ ਪੰਦਰਾਂ ਦਿਨਾਂ ਵਿਚ ਜਾ ਕੇ ਅਪਣਾ ਸਪਸ਼ਟੀਕਰਨ ਦੇਣਾ ਹੈ। ਉਨ੍ਹਾਂ ਕਿਹਾ, ‘‘ਪਹਿਲਾਂ ਮੰਤਰੀਆਂ ਨੇ ਸਪਸ਼ਟੀਕਰਨ ਦੇਣਾ ਸੀ ਫਿਰ ਸੁਖਬੀਰ ਨੇ ਟਾਈਮ ਮੰਗਣਾ ਸੀ ਫਿਰ ਅਕਾਲ ਤਖਤ ਸਾਹਿਬ ਤੋਂ ਬੁਲਾਇਆ ਜਾਣਾ ਸੀ। ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ’ਤੇ ਮੰਨਦੇ ਹਾਂ। ਜਿੰਨੇ ਵੀ ਸਾਡੇ ਨਾਲ ਮੰਤਰੀ ਹਨ ਅਤੇ ਮੈਂ ਵੀ ਅਪਣਾ ਸਪਸ਼ਟੀਕਰਨ ਦੇਣ ਜਾਵਾਂਗੀ। ਕਿਉਂਕਿ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਦੱਸ ਕੇ ਆਵਾਂ ਕਿ ਮੈਂ 14 ਮਾਰਚ ਨੂੰ ਪ੍ਰਧਾਨ ਵਜੋਂ ਸੁੰਹ ਚੁੱਕ ਕੇ 30 ਮਾਰਚ ਤਕ ਅਸਤੀਫਾ ਦਿਤਾ ਸੀ। ਮੈਂ ਨਿਮਰਤਾ ਸਾਹਿਤ ਜਾ ਅਪਣਾ ਫ਼ਰਜ਼ ਨਿਭਾਵਾਂਗੀ। ਕਿਉਂਕਿ ਉਨ੍ਹਾਂ ਪੰਦਰਾਂ ਦਿਨਾਂ ਵਿਚ ਕੋਈ ਘਟਨਾ ਨਹੀਂ ਵਾਪਰੀ, ਇਹ ਜੋ ਘਟਨਾਵਾਂ ਵਾਪਰੀਆਂ ਹਨ ਬਾਅਦ ਵਿਚ ਵਾਪਰੀਆਂ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਪਰ ਜਿਥੋਂ ਤਕ ਮੈਨੂੰ ਲਗਦਾ ਹੈ ਇਹ ਉਪਰ ਤਕ ਗਏ ਹੀ ਨਹੀਂ ਹੋਣੇ। ਜੇਕਰ ਸੱਕਤਰੇਤ ਵਿਚ ਗਏ ਜਾਂ ਜਿਹੜੇ ਉਨ੍ਹਾਂ ਨਾਲ ਜਾ ਰਹੇ ਹਨ, ਉਹ ਉਨ੍ਹਾਂ ਦੇ ਹੀ ਬੰਦੇ ਹਨ। ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਕਰਨ ਵੇਲੇ ਉਨ੍ਹਾਂ ਦੇ ਨਾਲ ਮੁੱਖ ਬੁਲਾਰਾ ਵਿਰਸਾ ਸਿੰਘ ਵਲਟੋਹਾ ਸੀ ਜੋ ਉਨ੍ਹਾਂ ਦਾ ਹੀ ਬੰਦਾ ਸੀ। ਇਸ ਤਰ੍ਹਾਂ ਸਰਵਣ ਸਿੰਘ ਫਲੌਰ ਸਾਡੇ ਮੰਤਰੀ ਸਾਹਿਬ ਰਹੇ ਹਨ। ਉਹ ਦੋ ਸਾਲ ਪ੍ਰਧਾਨਗੀ ’ਤੇ ਰਹੇ ਢੀਂਡਸਾ ਸਾਹਿਬ ਵੀ ਜਾਣਗੇ। ਅਸੀਂ ਖੁਦ ਜਾ ਕੇ ਕਹਿ ਕੇ ਆਏ ਹਾਂ, ਕਿ ਸਾਨੂੰ ਵੀ ਬੁਲਾਇਆ ਜਾਵੇ, ਜੇਕਰ ਸਾਡੀ ਕੋਈ ਗਲਤੀ ਹੋਵੇਗੀ ਤਾਂ ਅਸੀਂ ਸ੍ਰੀ ਅਕਾਲ ਦੇ ਅੱਗੇ ਸੀਸ ਨਿਭਾ ਕੇ ਫ਼ਰਜ਼ ਨੂੰ ਪੂਰਾ ਕਰਾਂਗੇ।’’
(For more news apart from Sukhbir Singh Badal is still committing crime after crime: Bibi Jagir Kaur News in Punjabi, stay tuned to Rozana Spokesman)