
ਆਮਦਨ ਤੋਂ ਵੱਧ ਜਾਇਦਾਦ ਸਣੇ ਕਈ ਮਾਮਲਿਆਂ ਵਿਚ ਵਿਜੀਲੈਂਸ ਵਲੋਂ ਜਾਂਚ ਜਾਰੀ
AIG Malwinder Singh Sidhu Suspended: ਆਮਦਨ ਤੋਂ ਵੱਧ ਜਾਇਦਾਦ ਸਣੇ ਕਈ ਮਾਮਲਿਆਂ ਵਿਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਹਿਊਮਨ ਰਾਈਟਸ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਮਾਲਵਿੰਦਰ ਸਿੱਧੂ ਫਿਲਹਾਲ ਜੇਲ ਵਿਚ ਹਨ। ਉਨ੍ਹਾਂ ’ਤੇ ਵਿਜੀਲੈਂਸ ਅਧਿਕਾਰੀਆਂ ਨਾਲ ਬਦਤਮੀਜ਼ੀ ਕਰਨ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪੈਦਾ ਕਰਨ ਦੇ ਵੀ ਇਲਜ਼ਾਮ ਲੱਗੇ ਸਨ।
ਦੱਸ ਦੇਈਏ ਕਿ 25 ਅਕਤੂਬਰ ਨੂੰ ਮਾਲਵਿੰਦਰ ਸਿੰਘ ਸਿੱਧੂ ਨੂੰ ਪੁਛਗਿਛ ਲਈ ਸਵੇਰੇ ਕਰੀਬ 11 ਵਜੇ ਵਿਜੀਲੈਂਸ ਹੈੱਡਕੁਆਰਟਰ ਬੁਲਾਇਆ ਗਿਆ ਸੀ। ਇਲਜ਼ਾਮ ਲੱਗੇ ਹਨ ਕਿ ਮਾਲਵਿੰਦਰ ਸਿੰਘ ਸਿੱਧੂ ਨੇ ਅਪਣੀ ਪਹੁੰਚ ਦਿਖਾਉਂਦੇ ਹੋਏ ਵਿਜੀਲੈਂਸ ਅਧਿਕਾਰੀਆਂ ਨਾਲ ਬਦਤਮੀਜ਼ੀ ਕੀਤੀ ਸੀ। ਇਲਜ਼ਾਮ ਸਨ ਕਿ ਉਨ੍ਹਾਂ ਨੇ ਜਾਂਚ ਅਧਿਕਾਰੀ ਨੂੰ ਧੱਕਾ ਦਿਤਾ ਸੀ ਅਤੇ ਕੁੱਝ ਦਸਤਾਵੇਜ਼ਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਇਸ ਦੇ ਨਾਲ ਹੀ ਉਹ ਅਪਣੇ ਕੋਲ ਮੋਬਾਈਲ ਰੱਖ ਕੇ ਪੂਰੀ ਜਾਂਚ ਨੂੰ ਰਿਕਾਰਡ ਕਰਨਾ ਚਾਹੁੰਦੇ ਸਨ, ਪਰ ਇਸ ਦੀ ਇਜ਼ਾਜਤ ਨਹੀਂ ਦਿਤੀ ਗਈ। ਇਸ ਤੋਂ ਬਾਅਦ ਹੋਈ ਧੱਕਾਮੁੱਕੀ ਮਗਰੋਂ ਵਿਜੀਲੈਂਸ ਵਲੋਂ ਪੁਲਿਸ ਨੂੰ ਬੁਲਾਉਣਾ ਪਿਆ ਅਤੇ ਪੁਲਿਸ ਨੇ ਮੁਹਾਲੀ ਦੇ 8 ਫੇਜ਼ ‘ਚ ਮਾਮਲਾ ਦਰਜ ਕਰ ਲਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਜੇਲ ਭੇਜ ਦਿਤਾ। ਏ.ਆਈ.ਜੀ. ਦੀ ਪਤਨੀ ਅਤੇ ਪੁੱਤ ਨੇ ਵਿਜੀਲੈਂਸ ਦਫ਼ਤਰ ਬਾਹਰ ਰੌਲਾ ਪਾਇਆ ਅਤੇ ਸਿੱਧੂ ਨੂੰ ਝੂਠੇ ਕੇਸ ਵਿਚ ਫਸਾਉਣ ਦਾ ਦੋਸ਼ ਲਾਇਆ ਸੀ।
ਜ਼ਿਕਰਯੋਗ ਹੈ ਕਿ ਏ.ਆਈ.ਜੀ.ਮਾਲਵਿੰਦਰ ਸਿੱਧੂ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ, ਐਸਸੀ ਸਰਟੀਫਿਕੇਟਾਂ ਸਬੰਧੀ ਖੁਦ ਜਾਂਚ ਅਧਿਕਾਰੀ ਬਣਨ ਅਤੇ ਅਪਣੇ ਅਧਿਕਾਰਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
(For more news apart from AIG Malwinder Singh Sidhu Suspended, stay tuned to Rozana Spokesman)