
ਹਵਾਈ ਫ਼ਾਇਰ ਹੋਏ ਅਤੇ ਬੈਲਟ ਪੇਪਰ ਵੀ ਚੋਰੀ....
ਮੁੱਲਾਂਪੁਰ ਦਾਖਾ, (ਸੰਜੀਵ ਵਰਮਾ) : ਪੁਲਿਸ ਸਬ ਡਵੀਜਨ ਦਾਖਾ ਦੇ ਅਧੀਨ ਆਉਂਦੇ ਪਿੰਡ ਦੇਵਤਵਾਲ ਵਿਖੇ ਅੱਜ ਪੰਚਾਇਤੀ ਚੋਣਾਂ ਮੌਕੇ ਸਥਿਤੀ ਉਸ ਸਮੇਂ ਤਨਾਅਪੂਰਨ ਹੋਣ ਗਈ ਜਦ ਥਾਣਾ ਦਾਖਾ ਦੀ ਪੁਲਿਸ ਦੇ ਮਾੜੇ ਸੁਰੱਖਿਆ ਪ੍ਰਬੰਧਾਂ ਕਾਰਨ ਬਾਹਰ ਤੋਂ ਆਏ ਲੋਕਾਂ ਵਲੋਂ ਪਹਿਲਾ ਪੋਲਿੰਗ ਬੂਥ ਅੰਦਰ ਜਬਰੀ ਦਾਖ਼ਲ ਹੋ ਕੇ ਜਾਅਲੀ ਵੋਟਾਂ ਪਾਈਆਂ ਗਈਆਂ ਅਤੇ ਫਿਰ ਸਹਾਇਕ ਰਿਟਰਨਿੰਗ ਅਫ਼ਸਰ ਕੋਲੋ ਬੈਲਟ ਪੇਪਰ ਚੁਰਾਉਣ ਤੋਂ ਬਾਅਦ ਹਵਾ ਵਿਚ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕੀਤੀ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸ.ਪੀ-ਡੀ ਰੁਪਿੰਦਰ ਸਿੰਘ ਭਾਰਦਵਾਜ, ਡੀ.ਐਸ.ਪੀ ਅਮਨਦੀਪ ਸਿੰਘ ਬਰਾੜ ਅਤੇ ਚੋਣ ਰਿਟਰਨਿੰਗ ਅਫ਼ਸਰ ਮੈਡਮ ਲਵਜੀਤ ਕੌਰ ਕਲਸੀ ਮੌਕੇ 'ਤੇ ਪੁੱਜ ਗਏ। ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਬਚਿੱਤਰ ਸਿੰਘ ਨੇ ਦਸਿਆ ਕਿ ਸਵੇਰ ਤੋਂ ਵੋਟਿੰਗ ਦਾ ਕੰਮ ਅਮਨ ਸ਼ਾਂਤੀ ਨਾਲ ਚੱਲ ਰਿਹਾ ਸੀ ਪਰ ਦੁਪਿਹਰ ਦੇ ਸਮੇਂ ਦਰਜਨਾਂ ਦੀ ਗਿਣਤੀ ਵਿਚ ਬਾਹਰੀ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸੀ।
ਪੋਲਿੰਗ ਬੂਥਾਂ ਅੰਦਰ ਦਾਖ਼ਲ ਹੋਏ ਅਤੇ ਮੇਜ਼ ਤੋਂ ਬੈਲਟ ਪੇਪਰ ਚੁੱਕ ਕੇ ਹੁਲੜਬਾਜੀ ਕਰਨ ਲੱਗੇ ਅਤੇ ਜਾਅਲੀ ਵੋਟਾਂ ਪਾਉਣ ਲੱਗੇ ਅਤੇ ਚੋਣ ਰਿਟਰਨਿੰਗ ਅਫ਼ਸਰ ਮੈਡਮ ਲਵਜੀਤ ਕੌਰ ਕਲਸੀ ਵਲੋਂ ਉਸ ਸਮੇਂ ਪੰਚਾਇਤ ਚੋਣ ਲਈ ਪੋਲਿੰਗ 'ਤੇ ਤੁਰਤ ਰੋਕ ਲਗਾ ਦਿਤੀ ਤੇ ਵੋਟਾਂ ਪੈਣ ਦਾ ਕੰਮ ਬੰਦ ਕਰਵਾ ਕੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿਤੀ ਅਤੇ ਚੋਣ ਲੜ ਰਹੇ ਉਮੀਦਵਾਰ ਭਜਨ ਸਿੰਘ, ਲਖਵੀਰ ਸਿੰਘ, ਦਰਸ਼ਨ ਸਿੰਘ ਨੇ ਪੋਲਿੰਗ ਵਿਚ ਰੁਕਾਵਟ ਪਾਉਣ ਦੇ ਇਕ ਦੂਸਰੇ 'ਤੇ ਦੋਸ਼ ਲਾਉਂਦੇ ਹੋਏ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪਖ ਜਾਂਚ ਕੀਤੀ ਜਾਵੇ ਕਿ ਹੁਲੜਬਾਜੀ ਕਰਨ ਵਾਲੇ ਤੇ ਹਵਾਈ ਫ਼ਾਇਰ ਕਰਨ ਵਾਲੇ ਨੌਜਵਾਨ ਕਿਸ ਪਾਰਟੀ ਦੇ ਸਨ।
ਚੋਣ ਰਿਟਰਨਿੰਗ ਅਫ਼ਸਰ ਮੈਡਮ ਲਵਜੀਤ ਕੌਰ ਕਲਸੀ ਨੇ ਦਸਿਆ ਕਿ ਚੋਣ 'ਤੇ ਰੋਕ ਲਾ ਕੇ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਚੋਣ ਕਮਿਸ਼ਨ ਨੂੰ ਦੇ ਦਿਤੀ ਗਈ ਹੈ ਅਤੇ ਚੋਣ ਕਮਿਸ਼ਨ ਦੇ ਅਗਲੇ ਹੁਕਮਾਂ ਤੋਂ ਬਾਅਦ ਹੀ ਚੋਣ ਦਾ ਕੰਮ ਮੁਕੰਮਲ ਹੋਵੇਗਾ। ਐਸ.ਪੀ-ਡੀ ਰੁਪਿੰਦਰ ਭਾਰਦਵਾਜ ਨੇ ਦਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਲਿੰਗ ਬੂਥ ਦੇ ਬਾਹਰ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਰੀਕਾਡਿੰਗ ਚੈੱਕ ਕਰਕੇ ਦੋਸ਼ੀਆਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਹਵਾਈ ਫ਼ਾਇਰ ਹੋਏ ਹਨ ਜਾਂ ਨਹੀਂ ਹੋਏ ਹਨ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।
ਦੇਵਤਵਾਲ ਤੋਂ ਕਾਂਗਰਸੀ ਉਮੀਦਵਾਰ ਭਜਨ ਸਿੰਘ ਦੇਵਤਵਾਲ ਨੇ ਦੋਸ਼ ਲਗਾਇਆ ਕਿ ਉਕਤ ਗੁੰਡਾ ਗਰਦੀ ਅਕਾਲੀ ਦਲ ਵਲੋਂ ਜਾਣ ਬੁਝ ਕੇ ਕੀਤੀ ਗਈ ਹੈ ਤਾਂ ਜੋ ਉਹ ਚੋਣ ਹਾਰਨ ਤੋਂ ਬਾਅਦ ਧੱਕੇਸ਼ਾਹੀ ਦੇ ਦੋਸ਼ ਲਾ ਸਕੇ।