
ਚੰਡੀਗੜ੍ਹ, 7 ਫ਼ਰਵਰੀ (ਜੀ.ਸੀ. ਭਾਰਦਵਾਜ) : ਪੰਜਾਬ 'ਚ ਸੱਤਾਧਾਰੀ ਕਾਂਗਰਸ ਦੇ ਵਿਧਾਇਕਾਂ ਤੇ ਨੇਤਾਵਾਂ ਦੀ ਖਹਿਬਾਜ਼ੀ 'ਚ ਲੁਧਿਆਣਾ ਕਾਰਪੋਰੇਸ਼ਨ ਦੀ ਲਟਕੀ ਚੋਣ ਲਈ ਹੁਣ ਹਲਕੇ ਤੋਂ ਨਾਮਜ਼ਦਗੀ ਕਾਗ਼ਜ਼ ਭਰਨੇ ਸ਼ੁਰੂ ਹੋ ਜਾਣਗੇ। ਇਕ ਪਾਸੇ ਵਾਰਡਬੰਦੀ ਦੇ ਰਫੜੇ ਅਤੇ ਉਮੀਦਵਾਰਾਂ ਦੀ ਲਿਸਟ 'ਚ ਲਟਕੀ ਕਾਂਗਰਸ ਨੇ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ, ਜਦੋਂ ਕਿ ਦੂਜੇ ਪਾਸੇ ਪਿਛਲੇ 10 ਸਾਲਾਂ ਤੋਂ ਸਰਕਾਰ 'ਚ ਭਾਈਵਾਲ ਰਹੀ ਪਾਰਟੀ ਭਾਜਪਾ ਨੇ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ।ਅੱਜ ਭਾਜਪਾ ਦੇ ਸੈਕਟਰ-37 ਦੇ ਮੁੱਖ ਦਫ਼ਤਰ 'ਚ ਰਾਜ ਪਧਰੀ ਚੋਣ ਕਮੇਟੀ ਦੀ ਮਹੱਤਵਪੂਰਨ ਬੈਠਕ ਮਗਰੋਂ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਕੁਲ 95 ਮੈਂਬਰੀ ਲੁਧਿਆਣਾ ਕਾਰਪੋਰੇਸ਼ਨ ਦੀਆਂ ਆਮ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਅੱਧੀਆਂ-ਅੱਧੀਆਂ ਸੀਟਾਂ 'ਤੇ ਮਿਲ ਕੇ ਚੋਣ ਲੜੇਗਾ।
ਪ੍ਰਧਾਨ ਵਿਜੇ ਸਾਂਪਲਾ ਅਤੇ ਸਕੱਤਰ ਵਿਨੀਤ ਜੋਸ਼ੀ ਨੇ ਦਸਿਆ ਕਿ ਅੱਜ ਦੀ ਬੈਠਕ 'ਚ ਫ਼ੈਸਲਾ ਹੋਇਆ ਹੈ ਕਿ 47-47 ਸੀਟਾਂ 'ਤੇ ਅਕਾਲੀ-ਭਾਜਪਾ ਦੇ ਉਮੀਦਵਾਰ ਚੋਣ ਲੜਨਗੇ। ਅੱਜ ਜਾਰੀ ਕੀਤੀ ਪਹਿਲੀ ਸੂਚੀ 'ਚ ਭਾਜਪਾ ਨੇ ਵਾਰਡ ਨੰਬਰ-8, 10, 11, 15, 16, 20, 24, 43, 51, 52, 56 ਤੋਂ 59 ਤਕ, 61, 62, 64 ਤੋਂ 66, 69, 76, 82 ਤੋਂ 85, 87, 89 ਤੋਂ 92, 94 ਤੇ 95 ਦਾ ਜ਼ਿਕਰ ਕੀਤਾ ਹੈ। ਇਸ ਪਹਿਲੀ ਸੂਚੀ 'ਚ 16 ਔਰਤਾਂ ਤੇ 7 ਦਲਿਤ ਉਮੀਦਵਾਰ ਹਨ।ਸੂਬਾ ਪਧਰੀ ਇਸ ਚੋਣ ਕਮੇਟੀ 'ਚ ਪ੍ਰਧਾਨ ਵਿਜੇ ਸਾਂਪਲਾ ਤੋਂ ਇਲਾਵਾ ਰਾਸ਼ਟਰੀ ਸਕੱਤਰ ਤਰੁਣ ਚੁੱਘ, ਸੂਬਾ ਮਹਾਂ ਮੰਤਰੀ ਸੰਗਠਨ ਦਿਨੇਸ਼ ਕੁਮਾਰ, ਸਾਬਕਾ ਸੂਬਾ ਪ੍ਰਧਾਨ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਕਮਲ ਸ਼ਰਮਾ, ਪ੍ਰਦੇਸ਼ ਸਕੱਤਰ ਵਿਨੀਤ ਜੋਸ਼ੀ ਅਤੇ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਹਾਜ਼ਰ ਸਨ।ਵਿਜੇ ਸਾਂਪਲਾ ਨੇ ਦਸਿਆ ਕਿ ਅਗਲੀ 15 ਉਮੀਦਵਾਰਾਂ ਦੀ ਦੂਜੀ ਸੂਚੀ 8 ਜਾਂ 9 ਫ਼ਰਵਰੀ ਨੂੰ ਜਾਰੀ ਕਰ ਦਿਤੀ ਜਾਵੇਗੀ।