
ਚੰਡੀਗੜ੍ਹ, 21 ਨਵੰਬਰ (ਸਸਸ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਹੱਥਠੋਕੇ ਮਾਈਨਿੰਗ ਮਾਫੀਆ ਨਾਲ ਸਮਝੌਤੇ ਵਾਸਤੇ ਮਜਬੂਰ ਕਰਨ ਲਈ ਇਕ ਮਾਈਨਿੰਗ ਅਧਿਕਾਰੀ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਵਾਲੇ ਐਸਐਚਓ ਦੀ ਤੁਰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਨਰਲ ਮੈਨੇਜਰ ਮਾਈਨਿੰਗ ਟਹਿਲ ਸਿੰਘ ਸੇਖੋਂ ਨੂੰ ਪਟਿਆਲਾ ਦੇ ਸ਼ੰਭੂ ਪੁਲਿਸ ਸਟੇਸ਼ਨ ਅੰਦਰ ਲਿਆ ਕੇ ਸਿਰਫ਼ ਇਸ ਲਈ ਕੁੱਟਿਆ, ਕਿਉਂਕਿ ਉਹ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੀ ਡਿਊਟੀ ਨਿਭਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਧ ਅਫ਼ਸੋਸਨਾਕ ਗੱਲ ਇਹ ਹੈ ਕਿ ਇਹ ਅਧਿਕਾਰੀ ਪਿਛਲੇ ਦੋ ਦਿਨਾਂ ਤੋਂ ਇਨਸਾ²ਫ਼ ਲੈਣ ਲਈ ਦਰ ਦਰ ਘੁੰਮ ਰਿਹਾ ਹੈ ਪਰ ਅਜੇ ਤਕ ਉਸ ਨੂੰ ਇਨਸਾਫ਼ ਨਹੀਂ ਮਿਲਿਆ।
ਡਾਕਟਰ ਚੀਮਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਪਟਿਆਲਾ ਪੁਲਿਸ ਤੋਂ ਡਿਊਟੀ ਨਿਭਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਮਾਈਨਿੰਗ ਮਾਫੀਆ ਅਤੇ ਇਸ ਘਿਨੌਣੇ ਕਾਂਡ ਵਿਚ ਘਨੌਰ ਦੇ ਵਿਧਾਇਕ ਦੀ ਭੂਮਿਕਾ ਬਾਰੇ ਪ੍ਰਗਟਾਵਾ ਸਿਰਫ਼ ਮਾਨਯੋਗ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਜਾਂ ਸੀਬੀਆਈ ਵਲੋਂ ਜਾਂਚ ਰਾਹੀਂ ਹੀ ਹੋ ਸਕਦਾ ਹੈ।ਸਾਬਕਾ ਮੰਤਰੀ ਨੇ ਕਿਹਾ ਕਿ ਇਸ ਜਾਂਚ ਰਾਹੀਂ ਪਟਿਆਲਾ ਵਿਚ ਘੱਗਰ ਦਰਿਆ ਨਾਲ ਅਤੇ ਸੂਬੇ ਦੇ ਦੂਜੇ ਹਿੱਸਿਆਂ 'ਚ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਨਾਜਾਇਜ਼ ਬਾਰੇ ਵੀ ਪੜਤਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਜੇ ਹਿੱਸਿਆਂ ਵਿਚੋਂ ਵੀ ਨਾਜਾਇਜ਼ ਮਾਈਨਿੰਗ ਦੀਆਂ ਰੀਪੋਰਟਾਂ ਆ ਰਹੀਆਂ ਹਨ ਪਰ ਕਾਂਗਰਸ ਸਰਕਾਰ ਅਜਿਹੀਆਂ ਨਾਪਾਕ ਗਤੀਵਿਧੀਆਂ ਵਿਚ ਗ਼ਲਤਾਨ ਅਪਣੇ ਚਹੇਤਿਆਂ, ਜਿਨ੍ਹਾਂ ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਹਨ, ਵਿਰੁਧ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੀ ਹੈ।