
ਚੰਡੀਗੜ੍ਹ, 19 ਦਸੰਬਰ (ਨੀਲ ਭਲਿੰਦਰ ਸਿੰਘ): ਆਮ ਆਦਮੀ ਪਾਰਟੀ (ਆਪ) ਨੇ ਲਾਸਾਨੀ ਸ਼ਹੀਦਾਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਅਤੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਅਤੇ ਮਾਤਾ ਗੁੱਜਰੀ ਜੀ ਦੀਆਂ ਸਰਬਉੱਚ ਸ਼ਹਾਦਤਾਂ ਨੂੰ ਸਮਰਪਤ ਸਹੀਦੀ ਜੋੜ ਮੇਲਿਆਂ ਮੌਕੇ ਕ੍ਰਮਵਾਰ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪਾਰਟੀ ਦੀ ਸਟੇਜ ਲਗਾ ਕੇ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਕਾਨਫ਼ਰੰਸ ਦੀ ਥਾਂ ਪਾਰਟੀ ਲੀਡਰਸ਼ਿਪ ਅਤੇ ਵਰਕਰ ਗੁਰੂ ਦੇ ਨਿਮਾਣੇ ਸ਼ਰਧਾਲੂਆਂ ਵਜੋਂ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਚਰਨ ਛੋਅ ਪ੍ਰਾਪਤ ਸਰਜਮੀਂ ਉੱਪਰ ਨਤਮਸਤਕ ਹੋਵੇਗੀ।'ਆਪ' ਵਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਸਹਿ-ਪ੍ਰਧਾਨ ਅਮਨ ਅਰੋੜਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਦਸਿਆ ਕਿ ਆਮ ਆਦਮੀ ਪਾਰਟੀ ਭਵਿੱਖ ਵਿਚ ਇਨ੍ਹਾਂ ਦੋਨਾਂ ਸ਼ਹੀਦੀ ਸਮਾਗਮਾਂ ਮੌਕੇ ਪਾਰਟੀ ਦਾ ਮੰਚ ਲਗਾ ਕੇ ਕਾਨਫ਼ਰੰਸਾਂ ਦਾ ਆਯੋਜਨ ਨਹੀਂ ਕਰੇਗੀ।
'ਆਪ' ਆਗੂਆਂ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਸ਼ਹੀਦੀ ਸਮਾਗਮਾਂ ਮੌਕੇ ਵੱਖ-ਵੱਖ ਸਿਆਸੀ ਧਿਰਾਂ ਵਲੋਂ ਸਿਆਸੀ ਕਾਨਫ਼ਰੰਸਾਂ ਆਯੋਜਿਤ ਕਰ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਪ੍ਰਚਲਣ ਜ਼ਰੂਰ ਇਕ ਸੱਚੇ-ਸੁੱਚੇ ਅਤੇ ਨਿੱਗਰ ਉਦੇਸ਼ ਨਾਲ ਸ਼ੁਰੂ ਹੋਇਆ ਹੋਵੇਗਾ, ਪਰ ਪਿਛਲੇ ਕੁੱਝ ਦਹਾਕਿਆਂ ਤੋਂ ਇਨ੍ਹਾਂ ਸਿਆਸੀ ਕਾਨਫ਼ਰੰਸਾਂ 'ਚ ਉਹ ਮੂਲ ਉਦੇਸ਼ ਅਤੇ ਸੰਦੇਸ਼ ਗੁਮ ਹੋ ਗਿਆ ਅਤੇ ਸਿਆਸੀ ਧਿਰਾਂ 'ਚ ਇਕ ਦੂਸਰੇ ਉੱਪਰ ਸਿਆਸੀ ਚਿੱਕੜ-ਉਛਾਲੀ ਦਾ ਪ੍ਰਚਲਣ ਭਾਰੂ ਹੋ ਗਿਆ। ਸ਼ਹੀਦੀ ਸਮਾਗਮਾਂ ਮੌਕੇ ਸਿਆਸੀ ਧਿਰਾਂ ਦੇ ਇਸ ਨਿਘਾਰ ਦਾ ਆਮ ਸੰਗਤ ਉੱਪਰ ਵੀ ਨਕਾਰਾਤਮਕ ਅਸਰ ਪੈਣ ਲੱਗਾ। ਇਸ ਲਈ ਪਾਰਟੀ ਨੇ ਇਨ੍ਹਾਂ ਦੇ ਸ਼ਹੀਦੀ ਸਮਾਗਮਾਂ ਮੌਕੇ ਪਾਰਟੀ ਵਲੋਂ ਮੰਚ ਲਗਾ ਕੇ ਸ਼ਰਧਾਂਜਲੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਵਿਖੇ ਕਾਨਫ਼ਰੰਸ ਦਾ ਆਯੋਜਨ ਕਰ ਰਹੇ ਹਲਕਾ ਪ੍ਰਧਾਨ ਡਾ. ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਪ੍ਰਧਾਨ ਲਖਵੀਰ ਸਿੰਘ ਰਾਏ ਨੂੰ ਸੂਚਿਤ ਕਰ ਦਿਤਾ ਹੈ।