
ਚੰਡੀਗੜ੍ਹ, 21 ਨਵੰਬਰ (ਸਸਸ): ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਲ ਲੁਧਿਆਣਾ ਵਿਚ ਅੱਗ ਲੱਗਣ ਮਗਰੋਂ ਢਹਿ ਢੇਰੀ ਹੋਈ 5 ਮੰਜ਼ਿਲਾ ਇਮਾਰਤ ਵਿਚ ਦਬ ਕੇ ਮਰੇ ਵਿਅਕਤੀਆਂ ਦੇ ਪਰਵਾਰਾਂ ਨਾਲ ਅੱਜ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਪੀੜਤ ਪਰਵਾਰਾਂ ਪ੍ਰਤੀ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਇਕ ਬਹੁਤ ਵੱਡੀ ਤ੍ਰਾਸਦੀ ਸੀ, ਜਿਸ ਵਿਚ ਦੋ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਅਤੇ ਇਕ ਨਗਰ ਕੌਂਸਲ ਦੇ ਅਧਿਕਾਰੀ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ਨੂੰ ਲੱਗੀ ਅੱਗ ਨੂੰ ਬੁਝਾਉਣ ਮਗਰੋਂ ਇਹ ਬਿਲਡਿੰਗ ਢਹਿ ਢੇਰੀ ਹੋ ਗਈ ਅਤੇ ਬਹੁਤ ਸਾਰੇ ਵਿਅਕਤੀ ਮਲਬੇ ਥੱਲੇ ਦਬ ਗਏ।
ਮਾਰਨ ਵਾਲਿਆਂ ਵਿਚ ਇਕ ਨਗਰ ਕੌਂਸਲ ਦਾ ਅਧਿਕਾਰੀ ਲਕਸ਼ਮਣ ਦ੍ਰਾਵਿੜ ਵੀ ਸ਼ਾਮਲ ਹੈ। ਉਹ ਬਾਲਮੀਕੀ ਭਾਈਚਾਰੇ ਦਾ ਨੁਮਾਇੰਦਾ ਸੀ ਅਤੇ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ। ਅਕਾਲੀ ਆਗੂਆਂ ਨੇ ਦ੍ਰਾਵਿੜ ਦੀ ਮੌਤ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਦਲਿਤ ਭਾਈਚਾਰੇ ਦੀ ਭਲਾਈ ਹਮੇਸ਼ਾ ਹੀ ਬਹੁਤ ਸਮਝਦਾਰੀ ਨਾਲ ਕੰਮ ਕੀਤਾ ਸੀ। ਸਰਕਾਰ ਨੂੰ ਇਸ ਹਾਦਸੇ ਦੀ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਦੇ ਪੱਖ ਤੋਂ ਤੁਰਤ ਮੁਕੰਮਲ ਜਾਂਚ ਕਰਵਾਉਣ ਲਈ ਆਖਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਯਕੀਨੀ ਬਨਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਕਿ ਸਾਰੀਆਂ ਉਦਯੋਗਿਕ ਇਕਾਈਆਂ ਅਪਣੀ ਇਮਾਰਤਾਂ ਅੰਦਰ ਅੱਗ ਤੋਂ ਸੁਰੱਖਿਆ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਨ। ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਇਸ ਹਾਦਸੇ ਵਿਚ ਮਾਰੇ ਵਿਅਕਤੀਆਂ ਦੇ ਪਰਵਾਰਾਂ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਲਈ ਢੁਕਵੇਂ ਮੁਆਵਜ਼ੇ ਦਾ ਐਲਾਨ ਕਰੇ।