
ਫ਼ਿਰੋਜ਼ਪੁਰ, 7 ਨਵੰਬਰ (ਬਲਬੀਰ ਸਿੰਘ ਜੋਸਨ): ਅੱਜ ਸਵੇਰੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ 'ਤੇ ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ਵਿਚ ਟਰਾਲੇ ਅਤੇ ਬੱਸ ਦੀ ਭਿਆਨਕ ਟੱਕਰ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਡੇਢ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਫ਼ਿਰੋਜ਼ਪੁਰ, ਫ਼ਰੀਦਕੋਟ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ, ਐਮ ਪੀ ਅਜਮੇਰ ਸਿੰਘ ਬਾਠ ਅਤੇ ਹੋਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਦੁਖਦਾਈ ਘਟਨਾ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਫ਼ੌਰੀ ਤੌਰ 'ਤੇ 1-1 ਲੱਖ ਰੁਪਏ ਸਹਾਇਤਾ ਰਾਸ਼ੀ ਅਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਘਟਨਾ ਸਥਾਨ 'ਤੇ ਮੌਜੂਦ ਟ੍ਰੈਫ਼ਿਕ ਇੰਚਾਰਜ ਰਵੀ ਕੁਮਾਰ ਨੇ ਦਸਿਆ ਕਿ ਇਕ ਪੰਜਾਬ ਰੋਡਵੇਜ਼ ਬੱਸ ਨੰਬਰ ਪੀਬੀ 05 ਐਲ-8223 ਜੋ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਵਲ ਨੂੰ ਜਾ ਰਹੀ ਸੀ। ਇਸੇ ਦੌਰਾਨ ਫ਼ਾਜ਼ਿਲਕਾ ਵਾਲੇ ਪਾਸਿਉਂ ਇਕ ਟਰਾਲਾ ਫ਼ਿਰੋਜ਼ਪੁਰ ਵਲ ਨੂੰ ਆ ਰਿਹਾ ਸੀ। ਜਦੋਂ ਬੱਸ ਅਤੇ ਟਰਾਲਾ ਰਸਤੇ ਵਿਚ ਪੈਂਦੇ ਪਿੰਡ ਕਰੀ ਕਲਾਂ ਦੇ ਪਟਰੌਲ ਪੰਪ ਕੋਲ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਦੋਵਾਂ ਦੀ ਆਪਸ ਵਿਚ ਟੱਕਰ ਹੋ ਗਈ। ਉਨ੍ਹਾਂ ਦਸਿਆ ਕਿ ਹਾਦਸਾ ਇਨ੍ਹਾਂ ਖ਼ਤਰਨਾਕ ਸੀ ਕਿ ਟਰਾਲੇ ਅਤੇ ਬੱਸ ਦੇ ਚਾਲਕਾਂ ਸਮੇਤ
ਚਾਰ ਲੋਕਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਡੇਢ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਹਾਦਸੇ ਵਿਚ ਮਾਰੇ ਜਾਣ ਵਾਲੇ ਵਿਅਕਤੀਆਂ ਦੀ ਪਛਾਣ ਸੁਧੀਰ ਕੁਮਾਰ ਗਰੋਵਰ ਲੈਕਚਰਾਰ, ਅਰਜਨ ਸਿੰਘ ਪੁੱਤਰ ਜਸਵੰਤ ਸਿੰਘ, ਪਰਮਜੀਤ ਸਿੰਘ ਬੱਸ ਡਰਾਈਵਰ ਜਦਕਿ ਟਰੱਕ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਮਨਪ੍ਰੀਤ ਕੌਰ ਪੁੱਤਰੀ ਕਸ਼ਮੀਰ ਸਿੰਘ, ਸੁਰਿੰਦਰ ਕੁਮਾਰ ਪੁੱਤਰ ਰਾਮ ਪ੍ਰਕਾਸ਼, ਅੰਮ੍ਰਿਤਪਾਲ ਸਿੰਘ ਪੁੱਤਰ ਹਰਪਾਲ ਸਿੰਘ (ਜੰਡਵਾਲਾ) ਅਤੇ ਸੁਖਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਆਦਿ ਹੋਏ ਹਨ ਜਿਨ੍ਹਾਂ ਨੂੰ ਫ਼ਿਰੋਜ਼ਪੁਰ, ਫ਼ਰੀਦਕੋਟ, ਲੁਧਿਆਣ ਅਤੇ ਅੰਮ੍ਰਿਤਸਰ ਆਦਿ ਥਾਵਾਂ 'ਤੇ ਇਲਾਜ ਲਈ ਰੈਫ਼ਰ ਕੀਤਾ ਹੈ।ਇਸ ਦੁਖਦਾਈ ਸੜਕ ਦੁਰਘਟਨਾ ਤੇ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਫ਼ਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਵੀ ਮ੍ਰਿਤਕਾਂ ਦੇ ਪਰਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਦੂਜੇ ਪਾਸੇ ਸੰਘਣੀ ਧੁੰਦ ਕਾਰਨ ਵੱਧ ਰਹੇ ਸੜਕ ਹਾਦਸਿਆਂ ਨੂੰ ਦੇਖਦੇ ਹੋਏ ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਦਾ ਸਮਾਂ ਤਬਦੀਲ ਕਰ ਦਿਤਾ ਹੈ। ਹੁਣ ਸਕੂਲ ਸਵੇਰੇ 10 ਵਜੇ ਖੁਲ੍ਹਿਆ ਕਰਨਗੇ।