
ਫ਼ਤਿਹਗੜ੍ਹ ਸਾਹਿਬ: ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਲੱਗਣ ਵਾਲਾ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਕਲ ਤੋਂ ਇਥੇ ਸ਼ੁਰੂ ਹੋ ਰਿਹਾ ਹੈ।
ਇਸ ਵਾਰ ਇਹ ਸ਼ਹੀਦੀ ਜੋੜ ਮੇਲ 25 ਤੋਂ 27 ਦਸੰਬਰ ਤੱਕ ਚੱਲੇਗਾ। ਇੰਝ ਲੱਗਦੈ ਕਿ ਇਸ ਵਾਰੀ ਇਹ ਤਿੰਨ ਦਿਨਾ ਸ਼ਹੀਦੀ ਜੋੜ ਮੇਲ ਦਾ ਸਰੂਪ ਕੁੱਝ ਵਿਲੱਖਣ ਹੋਵੇਗਾ, ਕਿਉੁਂਕਿ 26 ਦਸੰਬਰ ਨੂੰ ਕੀਤੀਆਂ ਜਾਣ ਵਾਲੀਆਂ ਰਾਜਨੀਤਕ ਕਾਨਫ਼ਰੰਸਾਂ ਸਾਰੀਆਂ ਹੀ ਪ੍ਰਮੁੱਖ ਰਾਜਨੀਤਕ ਪਾਰਟੀਆਂ ਨੇ ਰੱਦ ਕਰ ਦਿਤੀਆਂ ਹਨ ਤੇ ਹੁਣ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਸ਼ਹੀਦੀ ਜੋੜ ਮੇਲ ਪੂਰਨ ਤੌਰ ਤੇ ਸ਼ੋਕ ਤੇ ਧਾਰਮਕ ਰੰਗ ਵਿਚ ਰੰਗਿਆ ਜਾਵੇਗਾ ਜਦਕਿ ਪਹਿਲਾਂ ਰਾਜਨੀਤਕ ਪਾਰਟੀਆਂ ਇਸ ਮੌਕੇ ਜਿਥੇ ਅਪਣੇ ਵਿਰੋਧੀਆਂ 'ਤੇ ਚਿੱਕੜ ਉਛਾਲਦੀਆਂ ਸਨ ਉਥੇ ਹਰ ਇਕ ਪਾਰਟੀ ਅਪਣੀ-ਅਪਣੀ ਰਾਜਨੀਤਕ ਕਾਨਫ਼ਰੰਸ ਵਿਚ ਵੱਧ ਤੋਂ ਵੱਧ ਇਕੱਠ ਵਿਖਾਉਣ ਵਾਸਤੇ ਹਰ ਹਰਬਾ ਤੇ ਹੀਲਾ ਵਰਤਦੀਆਂ ਸਨ ਜਿਸ ਕਾਰਲ ਮੇਲ 'ਤੇ ਆਉਣ ਵਾਲੇ ਸ਼ਰਧਾਲੂਆਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਸੀ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅਪਣੀ ਪਹਿਲਾਂ ਵਾਲੀ ਰਾਜਨੀਤਕ ਕਾਨਫ਼ਰੰਸ ਵਾਲੀ ਜਗ੍ਹਾ ਉਪਰ ਹੀ ਮੀਰੀ-ਪੀਰੀ ਸ਼ਹੀਦੀ ਇਕੱਠ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸ਼ਹੀਦੀ ਜੋੜ ਮੇਲ ਮੌਕੇ ਰਾਜਸੀ ਕਾਨਫ਼ਰੰਸਾਂ ਬੰਦ ਕਰਨ ਦੇ ਮੁੱਦੇ ਨੂੰ ਲੈ ਕੇ ਸੱਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਸਬੰਧੀ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਉਥੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਮੰਗ ਪੱਤਰ ਦਿਤੇ ਸਨ। ਇਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾਂਦੀ ਰਾਜਨੀਤਕ ਕਾਨਫ਼ਰੰਸ ਵਾਲੀ ਥਾਂ ਉਪਰ ਅਣਮਿਥੇ ਸਮੇਂ ਲਈ ਧਰਨਾ ਦੇਣਾ ਸ਼ੁਰੂ ਕਰ ਦਿਤਾ ਸੀ।
ਜਿਸ ਉਪਰੰਤ ਸੱਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਾਨਫ਼ਰੰਸ ਨਾ ਕਰਨ ਦਾ ਐਲਾਨ ਕਰ ਦਿਤਾ। ਬਾਅਦ ਵਿਚ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਵਲੋਂ ਸ਼ਹੀਦੀ ਜੋੜ ਮੇਲ ਮੌਕੇ ਰਾਜਸੀ ਪਾਰਟੀਆਂ ਵਲੋਂ ਕੀਤੀਆਂ ਜਾਂਦੀਆਂ ਕਾਨਫ਼ਰੰਸਾਂ 'ਤੇ ਪਾਬੰਦੀ ਦੇ ਆਦੇਸ਼ ਜਾਰੀ ਕਰ ਦਿਤੇ ਜਿਸ ਤੋਂ ਬਾਅਦ ਸਾਰੀਆਂ ਹੀ ਪ੍ਰਮੁੱਖ ਰਾਜਨੀਤਕ ਪਾਰਟੀਆਂ ਨੇ ਇਥੇ ਕੀਤੀਆਂ ਜਾਣ ਵਾਲੀਆਂ ਰਾਜਸੀ ਕਾਨਫ਼ਰੰਸਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿਤਾ।
ਰਾਜਸੀ ਕਾਨਫ਼ਰੰਸਾਂ ਰੱਦ ਹੋਣ ਨਾਲ ਹੁਣ ਇਹ ਤਾਂ ਸਪੱਸ਼ਟ ਹੈ ਕਿ ਸ਼ਹੀਦੀ ਜੋੜ ਮੇਲ ਦਾ ਸਰੂਪ ਹੁਣ ਨਿਰੋਲ ਧਾਰਮਕ ਹੋਵੇਗਾ। ਇਸ ਤੋਂ ਕਈ ਸਾਲ ਪਹਿਲਾਂ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਸ.ਕੇ. ਆਹਲੂਵਾਲੀਆ ਨੇ ਸ਼ਹੀ²ਦੀ ਜੋੜ ਮੇਲ ਦੌਰਾਨ ਲਗਦੇ ਚੰਡੋਲ, ਝੂਲੇ, ਸਰਕਸਾਂ ਤੇ ਮੀਟ-ਮੱਛੀ ਦੇ ਲਗਦੇ ਬਾਜ਼ਾਰਾਂ 'ਤੇ ਪਾਬੰਦੀ ਲਗਾ ਦਿਤੀ ਸੀ। ਜਿਸ ਦੀ ਸਿੱਖ ਸੰਗਤਾਂ ਨੇ ਸਰਾਹਨਾ ਕੀਤੀ ਸੀ। ਪਰ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਉਹ ਰਾਜਨੀਤਕ ਪਾਰਟੀਆਂ ਦੇ ਲੋਕ ਜੋ ਕਾਨਫ਼ਰੰਸਾਂ ਕਰਨ ਲਈ ਇਥੇ ਆਉਂਦੇ ਸਨ ਤੇ ਕਹਿੰਦੇ ਸਨ ਕਿ ਅਸੀਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਆਏ ਹਾਂ, ਕੀ ਹੁਣ ਵੀ ਕਾਨਫ਼ਰੰਸਾਂ ਦੇ ਬੰਦ ਹੋਣ ਕਾਰਨ ਅਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਆਉਣਗੇ?
25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। 27 ਦਸੰਬਰ ਨੂੰ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸਵੇਰੇ 9 ਵਜੇ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ ਜੋ 1 ਵਜੇ ਬਾਅਦ ਦੁਪਹਿਰ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜੇਗਾ। ਜਿਥੇ ਸਮਾਪਤੀ ਦੀ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਕੌਮ ਦੇ ਨਾਮ ਅਪਣਾ ਸੰਦੇਸ਼ ਦੇਣਗੇ।