
ਗੁਰਦਾਸਪੁਰ,
21 ਸਤੰਬਰ (ਹੇਮੰਤ ਨੰਦਾ) : ਗੁਰਦਾਸਪੁਰ ਉਪ-ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ
ਮੇਜਰ ਜਨਰਲ (ਰਿਟਾ) ਸੁਰੇਸ਼ ਖਜੂਰੀਆ ਨੇ ਅੱਜ ਨਾਮਜ਼ਦਗੀ ਦਾਖ਼ਲ ਕਰਨ 'ਚ ਕਾਂਗਰਸ ਅਤੇ
ਭਾਜਪਾ-ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਛਾੜ ਦਿਤਾ ਹੈ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ
ਗੁਰਲਵਲੀਨ ਸਿੰਘ ਸਿੱਧੂ ਕੋਲ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਮੇਜਰ ਜਨਰਲ ਖਜੂਰੀਆ ਨਾਲ ਪਾਰਟੀ
ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ
ਖਹਿਰਾ, ਸੈਕਟਰੀ ਗੁਲਸ਼ਨ ਛਾਬੜਾ, ਭਾਈਵਾਲ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ
ਸਿਮਰਜੀਤ ਸਿੰਘ ਬੈਂਸ ਅਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ
ਮੌਜੂਦ ਸਨ। ਇਸ ਤੋਂ ਪਹਿਲਾਂ ਪਾਰਟੀ ਦੇ ਆਗੂਆਂ, ਅਹੁਦੇਦਾਰਾਂ ਅਤੇ ਵਲੰਟੀਅਰਾਂ ਦੇ
ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਗੁਰਦਾਸਪੁਰ ਲੋਕ
ਸਭਾ ਹਲਕਾ ਬੇਸ਼ੁਮਾਰ ਸਮੱਸਿਆਵਾਂ ਤੋਂ ਪੀੜਤ ਹਲਕਾ ਹੈ, ਕੋਈ ਐਸਾ ਮੁੱਦਾ ਨਹੀਂ ਬਚਿਆ ਜਿਸ
ਤੋਂ ਇਹ ਸਰਹੱਦੀ ਹਲਕਾ ਅਨਭਿੱਜ ਹੋਵੇ।
ਇਸ ਲਈ ਆਮ ਆਦਮੀ ਪਾਰਟੀ ਪਿੰਡ-ਪਿੰਡ ਅਤੇ
ਗਲੀ ਮੁਹੱਲੇ ਜਾ ਕੇ ਕਾਂਗਰਸ ਅਤੇ ਅਕਾਲੀ-ਭਾਜਪਾ ਵਲੋਂ ਦਿਤੇ ਧੋਖਿਆਂ ਨੂੰ ਯਾਦ
ਕਰਵਾਵੇਗੀ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ
ਵਾਲੇ ਹੁਣ ਫੇਰ ਚੋਣ ਲੌਲੀਪਾਪ ਦੇਣ ਦੀ ਕੋਸ਼ਿਸ਼ ਕਰਨਗੇ, ਪਰੰਤੂ ਤੁਸੀ ਵਾਅਦਿਆਂ ਤੋਂ ਭੱਜੇ
ਇਨਾਂ ਭਗੌੜਿਆਂ ਨੂੰ ਸਬਕ ਸਿਖਾਉ।
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ
ਆਦਮੀ ਪਾਰਟੀ ਨੇ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਉਮੀਦਵਾਰ ਬਣਾ ਕੇ
ਗੁਰਦਾਸਪੁਰ/ਪਠਾਨਕੋਟ ਇਲਾਕੇ ਦੀ ਜਨਤਾ ਨੂੰ ਨਾ ਕੇਵਲ ਸਥਾਨਕ ਸਗੋਂ ਬੇਦਾਗ ਅਤੇ ਦੇਸ਼ ਭਗਤ
ਉਮੀਦਵਾਰ ਦਿਤਾ ਹੈ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਵਲੋਂ ਹਲਕੇ ਦੇ 13 ਲੱਖ ਵੋਟਰਾਂ
ਨੂੰ ਨਜ਼ਰਅੰਦਾਜ ਕਰ ਕੇ ਅਬੋਹਰ ਅਤੇ ਮੁੰਬਈ ਤੋਂ ਉਮੀਦਵਾਰ ਥੋਪੇ ਜਾ ਰਹੇ ਹਨ। ਉਨ੍ਹਾਂ
ਕਿਹਾ ਕਿ ਇਹ ਸੰਭਵ ਹੀ ਨਹੀਂ ਕਿ ਸੈਂਕੜੇ-ਹਜ਼ਾਰ ਕਿਲੋਮੀਟਰ ਦੂਰੋਂ ਪੈਰਾਸ਼ੂਟ ਰਾਹੀਂ ਉਤਰੇ
ਕਾਂਗਰਸੀ ਅਤੇ ਭਾਜਪਾ ਦੇ ਉਮੀਦਵਾਰ ਇਲਾਕੇ ਦੇ ਲੋਕਾਂ ਦੇ ਦੁੱਖ-ਸੁੱਖ 'ਚ ਸ਼ਰੀਕ ਹੋ
ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਚੋਣ ਨੂੰ ਸੱਚੇ-ਸੁਚੇ ਤਰੀਕੇ ਨਾਲ ਲੜੇਗੀ,
ਨਾ ਫਜੂਲ ਖਰਚ ਕਰੇਗੀ ਅਤੇ ਨਾ ਹੀ ਨਸ਼ਾ, ਸ਼ਰਾਬ ਅਤੇ ਪੈਸੇ ਵੰਡੇਗੀ।
ਇਸ ਦੌਰਾਨ ਮੇਜਰ
ਜਨਰਲ ਖਜੂਰੀਆ ਨੇ ਕਿਹਾ ਕਿ ਉਨਾਂ ਪਹਿਲਾਂ ਵੀ ਪੂਰੀ ਇਮਾਨਦਾਰੀ ਅਤੇ ਵਚਨਬੱਧਤਾ ਨਾਲ
ਦੇਸ਼ ਅਤੇ ਸਮਾਜ ਦੀ ਸੇਵਾ ਕੀਤੀ ਹੈ। ਦੇਸ਼ ਅਤੇ ਸਮਾਜ ਵਲੋਂ ਮਿਲੇ ਬੇਹੱਦ ਮਾਨ ਸਨਮਾਨ ਨੂੰ
ਹੁਣ ਉਹ ਇਕ 24 ਘੰਟੇ ਉੁਪਲਬੱਧ ਜਨ ਸੇਵਕ ਵਲੋਂ ਵਾਪਸ ਕਰਨਾ ਚਾਹੁੰਦੇ ਹਨ।
ਸਿਮਰਜੀਤ
ਸਿੰਘ ਬੈਂਸ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਮਾਫੀਆ ਰਾਜ ਤੋਂ ਸਤਾਏ ਪੰਜਾਬ ਦੇ ਲੋਕ ਅੱਜ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਿਆ ਕੇ ਵੀ ਬੇਹੱਦ ਪਛਤਾ ਰਹੇ ਹਨ। ਉਨਾਂ ਕਿਹਾ ਕਿ
ਆਪ ਅਤੇ ਲੋਕ ਇਨਸਾਫ ਪਾਰਟੀ ਦਾ ਗਠਬੰਧਨ ਰਾਜਨੀਤੀ ਕਰਨ ਲਈ ਨਹੀਂ ਬਲਕਿ ਰਾਜਨੀਤੀ ਬਦਲਣ
ਦੀ ਸੋਚ 'ਤੇ ਪਹਿਰਾ ਦੇ ਰਿਹਾ ਹੈ।
ਇਸ ਮੌਕੇ ਵਿਧਾਨ ਵਿਚ ਡਿਪਟੀ ਲੀਡਰ ਸਰਬਜੀਤ ਕੌਰ
ਮਾਣੂਕੇ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰਸ, ਪਿਰਮਲ ਸਿੰਘ, ਨਾਜਰ ਸਿੰਘ ਮਾਨਸ਼ਾਹੀਆ,
ਮਾਸਟਰ ਬਲਦੇਵ ਸਿੰਘ ਜੈਤੋ, ਮੀਤ ਹੇਅਰ, ਜਗਦੇਵ ਸਿੰਘ ਕਮਾਲੂ, ਉਪ ਪ੍ਰਧਾਨ ਕੁਲਦੀਪ ਸਿੰਘ
ਧਾਲੀਵਾਲ, ਖਜਾਨਚੀ ਸੁਖਵਿੰਦਰ ਸਿੰਘ ਸੁਖੀ, ਕਮਲਪ੍ਰੀਤ ਸਿੰਘ ਕਾਕੀ, ਜੋਗਿੰਦਰ ਸਿੰਘ
ਛਿਨਾ, ਗੁਰਵਿੰਦਰ ਸਿੰਘ ਸ਼ਾਮਪੁਰਾ, ਦਲਵੀਰ ਸਿੰਘ ਢਿਲੋਂ, ਸੁਖਦੀਪ ਅਪਰਾ, ਪ੍ਰਗਟ ਸਿੰਘ
ਚੋਗਾਵਾਂ, ਪਰਮਜੀਤ ਸਿੰਘ ਸੱਚਦੇਵਾ, ਅਰਵਿੰਦਰ ਭੱਲਾ, ਗੈਰੀ ਵੜਿੰਗ, ਅਮਰਜੀਤ ਸਿੰਘ
ਗੁਰਦਾਸਪੁਰ, ਅਨਿਲ ਅਗਰਵਾਲ ਬਟਾਲਾ ਅਤੇ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ।
ਡੱਬੀ
ਜਾਖੜ ਨਾਲ ਕਿਸੇ ਵੀ ਸਥਾਨ 'ਤੇ ਬਹਿਸ ਕਰਨ ਲਈ ਤਿਆਰ ਹਾਂ : ਭਗਵੰਤ ਮਾਨ
ਚੰਡੀਗੜ੍ਹ,
21 ਸਤੰਬਰ (ਸ.ਸ.ਸ.) : ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਵਲੋਂ ਦਿਤੀ ਗਈ ਚੁਣੌਤੀ ਨੂੰ
ਸਵੀਕਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਉਹ ਜਾਖੜ ਨਾਲ
ਕੈਪਟਨ ਸਰਕਾਰੀ ਦੀਆਂ ਪ੍ਰਾਪਤੀਆਂ ਬਾਰੇ ਕਿਸੇ ਵੀ ਸਥਾਨ 'ਤੇ ਬਹਿਸ ਕਰਨ ਲਈ ਤਿਆਰ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਪਲੇਟਫ਼ਾਰਮ 'ਤੇ ਫੇਲ ਹੋਈ ਹੈ ਤੇ ਉਹ ਬਹਿਸ
ਦੌਰਾਨ ਇਹ ਗੱਲ ਸਾਬਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਦਸਣਯੋਗ ਹੈ ਕਿ ਅੱਜ
ਅੰਮ੍ਰਿਤਸਰ ਵਿਖੇ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ
ਅਤੇ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਨੂੰ ਕੈਪਟਨ ਸਰਕਾਰ ਦੀਆਂ 6 ਮਹੀਨਿਆਂ ਦੀਆਂ
ਪ੍ਰਾਪਤੀਆਂ ਨੂੰ ਲੈ ਕੇ ਖੁਲ੍ਹੀ ਬਹਿਸ ਕਰਨ ਦੀ ਚੁਨੌਤੀ ਦਿਤੀ ਸੀ।