ਨਵੀਂ ਦਿੱਲੀ, 13 ਦਸੰਬਰ (ਅਮਨਦੀਪ ਸਿੰਘ) : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਾਂ ਬੋਲੀ ਪੰਜਾਬੀ ਨਾਲ ਇਸ ਹੱਦ ਤਕ ਮੋਹ ਹੈ ਕਿ ਉਹ ਅਪਣੇ ਘਰ 'ਚ ਪੰਜਾਬੀ ਵਿਚ ਹੀ ਗੱਲਬਾਤ ਕਰਨ ਨੂੰ ਤਰਜੀਹ ਦਿੰਦੇ ਹਨ। ਇਹੀ ਨਹੀਂ, ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਗੁਰਸ਼ਰਨ ਕੌਰ ਵੀ ਪੰਜਾਬੀ ਵਿਚ ਹੀ ਗੱਲ ਕਰਨਾ ਪਸੰਦ ਕਰਦੇ ਹਨ।ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਪੰਜਾਬੀ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਦੇ ਸਨਮਾਨ ਸਮਾਗਮ 'ਚ ਸ਼ਾਮਲ ਹੋਣ ਪਿਛੋਂ ਜਦੋਂ ਸਰਦਾਰਨੀ ਗੁਰਸ਼ਰਨ ਕੌਰ ਦੁਪਹਿਰ ਦੀ ਰੋਟੀ ਖਾ ਰਹੇ ਸਨ, ਉਦੋਂ ਉਨ੍ਹਾਂ ਰੋਟੀ ਦੀ ਮੇਜ਼ 'ਤੇ ਹੀ 'ਸਪੋਕਸਮੈਨ' ਦੇ ਇਸ ਪੱਤਰਕਾਰ ਨਾਲ ਅਪਣੇ ਨਿੱਜੀ ਤਜਰਬਿਆਂ ਦੇ ਹਵਾਲੇ ਨਾਲ ਪੰਜਾਬੀ ਬੋਲੀ ਦੀ ਅਜੋਕੀ ਹਾਲਤ, ਪੰਜਾਬ 'ਚ ਪੰਜਾਬੀ ਅਤੇ ਪੰਜਾਬੀ ਦੀ ਪ੍ਰਫੁੱਲਤਾ ਬਾਰੇ ਕਈ ਅਹਿਮ ਨੁਕਤੇ ਸਾਂਝੇ ਕੀਤੇ।ਜਦੋਂ ਡਾ. ਮਨਮੋਹਨ ਸਿੰਘ ਦੀ ਜੀਵਨ ਸਾਥਣ ਸਰਦਾਰਨੀ ਗੁਰਸ਼ਰਨ ਕੌਰ ਨੂੰ ਪੁਛਿਆ ਗਿਆ ਕਿ ਕੀ ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਦਾ ਸਾਥ ਮਿਲੇ ਹੋਏ ਲੰਮਾਂ ਸਮਾਂ ਬੀਤ ਚੁਕਾ ਹੈ, ਤਾਂ ਉਹ ਰੋਜ਼ਾਨਾ ਆਪਸ ਵਿਚ ਕਿਸ ਭਾਸ਼ਾ ਵਿਚ ਗੱਲਬਾਤ ਕਰਦੇ ਹਨ, ਤਾਂ ਉਨ੍ਹਾਂ ਕਿਹਾ, “ਘਰ ਵਿਚ ਅਸੀਂ ਪੰਜਾਬੀ ਵਿਚ ਹੀ ਗੱਲਬਾਤ ਕਰਦੇ ਹਾਂ। ਅੰਗਰੇਜ਼ੀ ਵੀ ਵਰਤ ਲੈਂਦੇ ਹਾਂ, ਪਰ ਹਿੰਦੀ ਸਾਡੇ ਕੋਲੋਂ ਨਹੀਂ ਬੋਲੀ ਜਾਂਦੀ। ਜ਼ੁਬਾਨ 'ਤੇ ਹਿੰਦੀ ਆਉਂਦੀ ਹੀ ਨਹੀਂ।''ਉਨਾਂ੍ਹ ਅਪਣੇ ਰਿਸ਼ਤੇਦਾਰਾਂ ਦਾ ਹਵਾਲਾ ਦਿੰਦਿਆਂ ਕਿਹਾ, “ਜਦੋਂ ਮੈਂ ਅਪਣੇ ਪਰਵਾਰ ਵਿਚ ਵੀ ਹਿੰਦੀ ਦੀ ਵਰਤੋਂ ਵੇਖਦੀ ਹਾਂ ਤਾਂ ਮੇਰਾ ਖ਼ੂਨ ਖੋਲਦੈ, ਤਾਂ ਮੈਂ ਝੱਟ ਕਹਿ ਦਿੰਦੀ ਹਾਂ ਕਿ ਮੈਨੂੰ ਗੱਲ ਦੀ ਸਮਝ ਨਹੀਂ ਲੱਗੀ। ਜੇ ਪੰਜਾਬੀ ਵਿਚ ਗੱਲ ਕਰੋਗੇ ਤਾਂ ਸਮਝ ਲੱਗੇਗੀ।''ਬੀਬੀ ਗੁਰਸ਼ਰਨ ਕੌਰ ਨੇ ਇਥੋਂ ਤੱਕ ਆਖ ਦਿਤਾ ਕਿ ਮੇਰੀਆਂ ਕੁੱਝ ਸਹੇਲੀਆਂ, ਜੋ ਪੰਜਾਬੀ ਤੇ ਸਿੱਖ ਹਨ, ਉਹ ਵੀ ਮੇਰੇ ਨਾਲ ਅਕਸਰ ਹੀ ਹਿੰਦੀ ਵਿਚ ਗੱਲਬਾਤ ਕਰਦੀਆਂ ਹਨ, ਤਾਂ ਮੈਂ ਜ਼ੋਰ ਦੇ ਕੇ, ਉਨਾਂ੍ਹ ਨੂੰ ਪੰਜਾਬੀ ਵਿਚ ਗੱਲਬਾਤ ਕਰਨ ਲਈ ਪ੍ਰੇਰਦੀ ਹਾਂ। ਜਦੋਂ ਹਿੰਦੀ ਦੇ ਭਾਰੂ ਹੋਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਕਿਹਾ, “ਸਾਡੇ ਲੋਕ ਪੰਜਾਬੀ ਨੂੰ ਨਫ਼ਰਤ ਨਹੀਂ ਕਰਦੇ, ਪਰ ਆਲੇ ਦੁਆਲੇ ਦੇ ਮਾਹੌਲ ਕਰ ਕੇ, ਪੰਜਾਬੀਆਂ ਨੂੰ ਹਿੰਦੀ ਬੋਲਣ ਦੀ ਆਦਤ ਪੱਕ ਚੁਕੀ ਹੈ ਜਿਸਨੂੰ ਸੁਧਾਰਨ ਦੀ ਲੋੜ ਹੈ।''ਉਨਾਂ੍ਹ ਦਾ ਸਪਸ਼ਟ ਕਹਿਣਾ ਸੀ ਕਿ, “ਅੱਜੇ ਸਾਨੂੰ ਪੰਜਾਬੀ ਲਈ ਬੜਾ ਕੁੱਝ ਕਰਨ ਦੀ ਲੋੜ ਹੈ। ਅਸੀਂ ਪਿਛੇ ਜਾਈ ਜਾ ਰਹੇ ਹਾਂ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਭਾਵੇਂ ਸਾਰੀਆਂ ਭਾਸ਼ਾਵਾਂ ਸਿਖੀਏ, ਪਰ ਆਪਣੀ ਮਾਂ ਬੋਲੀ ਨੂੰ ਪਹਿਲੀ ਥਾਂ 'ਤੇ ਰਖੀਏ। ਸਾਨੂੰ ਸਾਰਿਆਂ ਨੂੰ ਪੰਜਾਬੀ ਬੋਲਣ ਵਿਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਜਦ ਕਦੇ ਦੋ ਬੰਗਾਲੀ ਜਾਂ ਮਰਾਠੀ ਮਿਲਦੇ ਹਨ, ਤਾਂ ਹੋਰ ਬੋਲੀ ਨਹੀਂ ਬੋਲਦੇ, ਆਪਣੀ ਮਾਂ ਬੋਲੀ ਵਿਚ ਹੀ ਗੱਲਬਾਤ ਕਰਦੇ ਹਨ। ਸਾਨੂੰ ਵੀ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ।''
ਉਨ੍ਹਾਂ ਗਿਲਾ ਕੀਤਾ ਕਿ ਅੱਜ ਪੰਜਾਬ ਵਿਚ ਪੰਜਾਬੀਆਂ 'ਤੇ ਹਿੰਦੀ ਭਾਰੂ ਹੋਈ ਜਾਂਦੀ ਹੈ ਤੇ ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਬੱਚਿਆਂ ਨੂੰ ਜ਼ੁਰਮਾਨਾ ਦੇਣਾ ਪੈਂਦਾ ਹੈ ਅਤੇ ਸਕੂਲਾਂ ਵਿਚ ਹਿੰਦੀ ਬੋਲਣ ਦੀ ਹਦਾਇਤਾਂ ਚਾੜ੍ਹੀਆਂ ਜਾਂਦੀਆਂ ਹਨ। ਫਿਰ ਬੱਚੇ ਘਰ ਆ ਕੇ, ਮਾਂਵਾਂ ਨਾਲ ਵੀ ਹਿੰਦੀ ਹੀ ਬੋਲਦੇ ਹਨ ਤੇ ਅੱਗੋਂ ਮਾਂਵਾਂ ਵੀ ਹਿੰਦੀ ਹੀ ਬੋਲਦੀਆਂ ਹਨ।ਅਕਸਰ ਹੀ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਜਾਣ ਵਾਲੇ ਬੀਬੀ ਗੁਰਸ਼ਰਨ ਕੌਰ ਨੇ ਕਿਹਾ, “ਮੈਨੂੰ ਤਾਂ ਦੁਖ ਹੁੰਦਾ ਹੈ ਕਿ ਜਦ ਬੰਗਲਾ ਸਾਹਿਬ ਵਿਚ ਮੇਰੇ ਆਲੇ ਦੁਆਲੇ ਕੋਈ ਆ ਜਾ ਰਿਹਾ ਹੁੰਦਾ ਹੈ ਤਾਂ ਉਹ ਬੱਚਿਆਂ ਨਾਲ ਹਿੰਦੀ ਵਿਚ ਹੀ ਗੱਲ ਕਰਦੇ ਵੇਖੀਦੇ ਹਨ। ਭਾਵੇਂ ਕਿੰਨਾ ਵੀ ਬੋਲਦੇ ਰਹੀਏ ਕਿ ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਅਤੇ ਪੰਜਾਬੀ ਸਿਖੋ, ਪਰ ਉਸ 'ਤੇ ਅਮਲ ਨਹੀਂ ਹੋਇਆ।''ਸਰਦਾਰਨੀ ਗੁਰਸ਼ਰਨ ਕੌਰ ਨਾਲ ਹੀ ਬੈਠੇ ਹੋਏ ਸਾਬਕਾ ਕਾਨੂੰਨ ਸਕੱਤਰ ਡਾ. ਰਘਬੀਰ ਸਿੰਘ ਨੇ ਅਪਣੀ ਰਾਏ ਦਿੰਦੇ ਹੋਏ ਕਿਹਾ ਕਿ ਭਾਵੇਂ ਹਿੰਦੀ ਭਾਸ਼ੀ ਸੂਬੇ ਹੋਣ ਜਾਂ ਗ਼ੈਰ-ਹਿੰਦੀ ਭਾਸ਼ੀ ਸੂਬੇ, ਦਿੱਲੀ ਹੋਵੇ ਜਾਂ ਪੰਜਾਬ ਜਾਂ ਫਿਰ ਹਰਿਆਣਾ ਤੇ ਹਿਮਾਚਲ, ਸਾਨੂੰ ਭਾਰਤੀ ਸੰਵਿਧਾਨ ਵਿਚ ਭਾਸ਼ਾਵਾਂ ਨੂੰ ਦਿਤੇ ਗਏ ਬਰਾਬਰ ਦੇ ਹੱਕ ਦੀ ਵਰਤੋਂ ਕਰਦੇ ਹੋਏ ਤ੍ਰੈ ਭਾਸ਼ੀ ਫਾਰਮੂਲੇ ਮੁਤਾਬਕ ਇਨ੍ਹਾਂ ਸਾਰੇ ਸੂਬਿਆਂ ਵਿਚ ਸਕੂਲ ਪੱਧਰ 'ਤੇ ਮੁਹਿੰਮ ਵਿੱਢਣੀ ਚਾਹੀਦੀ ਹੈ। ਇਸ ਢੰਗ ਨਾਲ ਬੱਚੇ ਪੰਜਾਬੀ, ਉਰਦੂ, ਤਾਮਿਲ, ਤੇਲਗੂ, ਸੰਸਕ੍ਰਿਤ ਤੇ ਹੋਰ ਬੋਲੀਆਂ ਪੜ੍ਹ ਲਿਖ ਸਕਣਗੇ। ਇਸ ਮੌਕੇ ਡਾ. ਮਹਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ।
end-of