
ਅੰਮ੍ਰਿਤਸਰ, 9 ਫ਼ਰਵਰੀ (ਸੁਖਦੇਵ ਸਿੰਘ ਗਿੱਲ) : ਕੁੱਝ ਵਿਅਕਤੀਆਂ ਵਲੋਂ ਬੀਤੇ ਕਲ ਪਿੰਡ ਰਾਣੀਵਲਾਹ ਦੀ ਇਕ ਦਲਿਤ ਲੜਕੀ ਦੇ ਕਪੜੇ ਪਾੜਨ ਤੇ ਉਸ ਦੇ ਪਰਵਾਰ ਦੀ ਕੁੱਟਮਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਲੜਕੀ ਹਰਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਕੌਂਮ ਮੱਜ੍ਹਬੀ ਸਿੱਖ ਨੇ ਕੌਂਮੀ ਅਨੁਸੁਚਿਤ ਜਾਤੀਆਂ ਕਮਿਸ਼ਨ ਭਾਰਤ ਸਰਕਾਰ ਦੇ ਖੇਤਰੀ ਡਾਇਰੈਕਟਰ ਰਾਜ ਕੁਮਾਰ 'ਸੁਨੈਨਾ' ਨੂੰ ਲਿਖਤੀ ਸ਼ਿਕਾਇਤ ਦੇ ਹਵਾਲੇ ਨਾਲ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਇਸੇ ਪਿੰਡ ਦੇ ਹੀ ਰਹਿਣ ਵਾਲੇ (ਕਾਂਗਰਸ ਪਾਰਟੀ ਦੇ) ਹਾਕਮ ਧਿਰ ਦੇ ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਕੌਂਮ ਜੱਟ ਅਤੇ ਸੱਤਾ ਸਿੰਘ ਤੇ ਉਸ ਦੇ ਸਾਥੀਆਂ ਨੇ ਪਹਿਲਾਂ ਸਾਡੇ ਪਰਵਾਰ ਦੀ ਘਰ 'ਚ ਜਬਰੀ ਦਾਖ਼ਲ ਹੋ ਕੁੱਟਮਾਰ ਕੀਤੀ ਫਿਰ ਸਾਨੂੰ ਜਾਤੀ ਸੂਚਕ ਸ਼ਬਦ ਕਹੇ। ਜਦੋਂ ਮੈਂ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਜਾ ਰਹੀ ਸੀ ਤਾਂ ਅੱਡਾ ਸਰਹਾਲੀ ਵਿਖੇ ਉਕਤ ਨਿਸ਼ਾਨ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੈਨੂੰ ਘੇਰ ਲਿਆ ਤੇ ਉਸ ਤੋਂ ਬਾਅਦ ਮੇਰੀ ਬੇਇਜ਼ਤੀ ਕਰਨ ਲਈ ਜਨਤਕ ਤੌਰ 'ਤੇ ਮੇਰੇ ਕਪੜੇ ਪਾੜ ਕੇ ਮੈਨੂੰ ਨੰਗਿਆਂ ਕਰ ਦਿਤਾ।ਉਸ ਨੇ ਦਸਿਆ ਕਿ ਜਦੋਂ ਮੇਰੇ 'ਤੇ ਹਮਲਾਵਾਰਾਂ ਨੇ ਹਮਲਾ ਕੀਤਾ ਉਸ ਵੇਲੇ ਉਨ੍ਹਾਂ ਨਾਲ ਏ.ਐਸ.ਆਈ. ਤਰਲੋਚਨ ਸਿੰਘ ਅਤੇ ਹਵਾਲਦਾਰ ਲੱਖਾ ਸਿੰਘ ਵੀ ਮੌਕੇ 'ਤੇ ਮੌਜੂਦ ਸੀ ਜੋ ਪ੍ਰਤੱਖ ਦਰਸ਼ੀ ਬਣੇ ਰਹੇ। ਪੀੜਤਾ ਨੇ ਦਸਿਆ ਕਿ ਮੇਰੇ ਵਲੋਂ ਸ਼ਿਕਾਇਤ ਕਰਨ 'ਤੇ ਵੀ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਮੈਂ ਕੌਂਮੀ ਅਨੁਸੁਚਿਤ ਜਾਤੀਆਂ
ਕਮਿਸ਼ਨ ਭਾਰਤ ਸਰਕਾਰ ਦੇ ਖੇਤਰੀ ਡਾਇਰੈਕਟਰ ਰਾਜ ਕੁਮਾਰ 'ਸੁਨੈਨਾ' ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਮੈਨੂੰ ਉਮੀਦ ਹੈ ਕਿ ਕਮਿਸ਼ਨ ਮੈਨੂੰ ਇਨਸਾਫ਼ ਦਿਵਾਏਗਾ।
ਬੀਜੇਪੀ ਐਸਸੀ ਮੌਰਚੇ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਪਾਰਟੀ ਹਾਈ ਕਮਾਂਡ ਵਲੋਂ ਮਿਲੇ ਨਿਰਦੇਸ਼ਾਂ 'ਤੇ ਭਾਜਪਾ ਟੀਮ ਨੂੰ ਲੈ ਕੇ ਪਿੰਡ ਰਾਣੀਵਲਾਹ ਪਹੁੰਚੇ ਜਿਥੇ ਪੀੜਤ ਪ੍ਰੀਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨਾਲ ਹੋਈ ਵਧੀਕੀ ਬਾਰੇ ਪਤਾ ਕੀਤਾ। ਪਿੰਡ ਦੇ ਦਲਿਤ ਪੀੜਤ ਪਰਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਦਸਿਆ ਕਿ ਘਟਨਾ ਦੀ ਪੜਤਾਲੀਆਂ ਰੀਪੋਰਟ ਪਾਰਟੀ ਹਾਈ ਕਮਾਂਡ ਅਤੇ ਕੌਮੀ ਅਨੁਸੁਚਿਤ ਜਾਤੀਆਂ ਕਮਿਸ਼ਨ ਭਾਰਤ ਸਰਕਾਰ ਦੇ ਖੇਤਰੀ ਡਾਇਰੈਕਟਰ ਰਾਜ ਕੁਮਾਰ 'ਸੁਨੈਨਾ' ਨੂੰ ਭੇਜ ਦਿਤੀ ਗਈ ਹੈ। ਇਸ ਸਬੰਧੀ ਗੱਲ ਕਰਨ 'ਤੇ ਡੀ.ਐਸ. ਮਾਨ ਐਸ.ਐਸ.ਪੀ. ਨੇ ਦਸਿਆ ਕਿ ਵਾਪਰੀ ਘਟਨਾ ਵਾਲੀ ਜਗਾ ਤੇ ਜੋ ਥਾਣੇਦਾਰ ਮੌਜੂਦ ਸੀ ਉਸ ਨੂੰ ਡਿਊਟੀ 'ਚ ਕੁਤਾਹੀ ਕਰਨ ਦੇ ਦੋਸ਼ ਤਹਿਤ ਮੁਅੱਤਲ ਕਰ ਕੇ ਲਾਈਨ ਹਾਜਰ ਕਰ ਦਿਤਾ ਹੈ। ਪੀੜਤਾ ਦੀ ਐਮ.ਐਲ.ਆਰ. ਮਿਲਣ 'ਤੇ ਐਫ਼.ਆਈ.ਆਰ. ਦਰਜ ਕਰ ਦਿਤੀ ਗਈ ਹੈ।
ਉਨ੍ਹਾਂ ਦਸਿਆ ਕਿ ਮੌਕੇ 'ਤੇ ਹੀ ਪੱਤਰਕਾਰ ਦੇ ਨਾਲ ਬਦਸਲੂਕੀ ਕਰਨ ਵਾਲਿਆਂ ਨਿਸ਼ਾਨ ਸਿੰਘ ਆਦਿ ਵਿਰੁਧ ਰੀਪੋਰਟ ਦਰਜ ਕਰ ਦਿਤੀ ਗਈ ਹੈ। ਪੁਲਸ ਵਲੋਂ ਵਰਤੀ ਕੁਤਾਹੀ ਦੀ ਜਾਂਚ ਐਸਪੀ (ਡੀ) ਤਰਨ ਤਾਰਨ ਨੂੰ ਸੌਂਪ ਦਿਤੀ ਗਈ ਹੈ।