ਹਠੂਰ, 
19 ਸਤੰਬਰ (ਜਗਰੂਪ ਸਿੰਘ ਲੱਖਾ): ਪਿੰਡ ਬੁਰਜ ਕਲਾਰਾ ਦੇ ਡੇਰਾ ਪ੍ਰੇਮੀਆਂ ਵਲੋਂ ਸਿੱਖ 
ਨੌਜਵਾਨ ਨੂੰ ਰਸਤੇ ਵਿਚ ਘੇਰ ਕੇ ਧਮਕੀਆਂ ਦਿਤੀਆਂ ਜਾ ਰਹੀਆਂ ਹਨ  ਜਿਸ ਦੀਆਂ ਦਰਖ਼ਾਸਤਾਂ 
ਸਿੱਖ ਨੌਜਵਾਨ ਰਛਪਾਲ ਸਿੰਘ ਪਾਲੀ ਵਲੋਂ ਪ੍ਰਸ਼ਾਸਨ ਨੂੰ ਦਿਤੀਆਂ ਜਾ ਚੁਕੀਆਂ  ਹਨ, ਪਰ 
ਹਠੂਰ ਦੀ ਪੁਲਿਸ ਸਿੱਖ ਨੌਜਵਾਨਾਂ ਨੂੰ ਥਾਣੇ ਬੁਲਾ ਕੇ ਖੱਜਲ ਕਰਦੀ ਹੈ। 
ਇਸ ਵਿਰੁਧ 
ਅੱਜ ਪਿੰਡ ਵਾਸੀ ਭਾਰੀ ਗਿਣਤੀ ਵਿਚ ਪੁੱਜੇ ਪਰ ਥਾਣਾ ਮੁਖੀ ਵਲੋਂ ਸਿੱਖ ਨੌਜਵਾਨ ਨੂੰ 
ਥਾਣੇ ਬੁਲਾਇਆ ਗਿਆ, ਪਰ ਦੂਸਰੀ ਧਿਰ ਨੂੰ ਥਾਣੇ ਨਹੀਂ ਬੁਲਾਇਆ ਗਿਆ ਜਿਸ ਕਰ ਕੇ ਰਸ਼ਪਾਲ 
ਸਿੰਘ ਪਾਲੀ ਨੇ ਪਹਿਲਾਂ ਥਾਣੇ ਅੱਗੇ ਦਰੱਖ਼ਤ ਨਾਲ ਰੱਸਾ ਪਾ ਕੇ ਫਾਹਾ ਲੈਣ ਦੀ ਕੋਸ਼ਿਸ਼ 
ਕੀਤੀ ਪਰ ਮੌਕੇ 'ਤੇ ਪੁੱਜੇ ਲੋਕਾਂ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕੇ ਸਾਰੇ ਲੋਕ ਉਸ ਨਾਲ 
ਸੰਘਰਸ਼ ਵਿਚ ਸਾਥ ਦੇਣਗੇ ਤਾਂ ਲੋਕਾਂ ਨੇ ਥਾਣੇ ਅੱਗੇ ਧਰਨਾ ਲਾ ਕੇ ਟਰੈਫ਼ਿਕ ਜਾਮ ਕਰ ਦਿਤਾ
 ਅਤੇ ਡੇਰਾ ਪ੍ਰੇਮੀਆਂ ਦੀ ਗੁੰਡਾਗਰਦੀ ਵਿਰੁਧ ਜਮ ਕੇ ਨਾਹਰੇਬਾਜ਼ੀ ਕੀਤੀ। 
ਮੌਕੇ 'ਤੇ
 ਪੁੱਜੇ ਡਿਊਟੀ ਅਫ਼ਸਰ ਮਨੋਹਰ ਲਾਲ ਨੇ ਵਿਸ਼ਵਾਸ ਦਿਵਾਇਆ ਕਿ ਦੋਸ਼ੀਆਂ ਵਿਰੁਧ ਬਣਦੀ ਕਾਰਵਾਈ
 ਕੀਤੀ ਜਾਵੇਗੀ ਤਾਂ ਜਾ ਕੇ ਧਰਨਾਕਾਰੀਆਂ ਨੇ ਤਿੰਨ ਘੰਟੇ ਬਾਅਦ ਧਰਨਾ ਚੁਕਿਆ। ਉਨ੍ਹਾਂ 
ਕਿਹਾ ਕਿ ਜੇਕਰ ਦੋਸ਼ੀਆਂ ਵਿਰੁਧ ਬਣਦੀ ਕਾਰਵਾਈ ਜਲਦੀ ਨਾ ਕੀਤੀ ਗਈ ਤਾਂ ਥਾਣੇ ਅੱਗੇ 
ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। 
ਇਸ ਮੌਕੇ ਸਾਬਕਾ ਸਰਪੰਚ ਬੂਟਾ ਸਿੰਘ, 
ਕਾਲਾ ਸਿੰਘ ਬੁਰਜ ਕੁਲਾਰਾ, ਜਸਪ੍ਰੀਤ ਸਿੰਘ, ਸਿੰਦਰਪਾਲ ਸਿੰਘ, ਨਾਜਰ ਸਿੰਘ ਪੰਚ, ਪੰਚ 
ਮੱਖਣ ਸਿੰਘ, ਗੁਰਪ੍ਰੀਤ ਸਿੰਘ, ਲਾਡੀ ਸਿੰਘ ਆਦਿ ਲੋਕ ਹਾਜ਼ਰ ਸਨ।
                    
                