
ਹੁਸ਼ਿਆਰਪੁਰ/ਮੁਕੇਰੀਆਂ,
26 ਸਤੰਬਰ (ਰਿੰਕੂ, ਹਰਦੀਪ ਸਿੰਘ) : ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ ਪੀ
ਸਿੰਘ ਨੇ ਕਿਹਾ ਕਿ ਸਿਖਿਆ ਦੇ ਬਿਨਾਂ ਸਮਾਜ ਵਿਚ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ। ਦੇਸ਼
ਦੇ ਵਿਕਾਸ ਲਈ ਸਿਖਿਆ ਬੇਹੱਦ ਜ਼ਰੂਰੀ ਹੈ। ਉਹ ਅੱਜ ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ
ਸਕੂਲ ਮੁਕੇਰੀਆਂ ਵਿਖੇ ਆਯੋਜਿਤ ਸਲਾਨਾ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ
ਪਹਿਲਾਂ ਸਕੂਲ ਵਿਖੇ ਪਹੁੰਚਣ 'ਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ
ਗਿਆ। ਇਸ ਮੌਕੇ ਵਿਧਾਇਕ ਹਲਕਾ ਮੁਕੇਰੀਆਂ ਰਜਨੀਸ਼ ਕੁਮਾਰ ਬੱਬੀ ਅਤੇ ਐਸ.ਡੀ.ਐਮ.
ਮੁਕੇਰੀਆਂ ਸ੍ਰੀਮਤੀ ਕੋਮਲ ਮਿੱਤਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਅਪਣੇ ਸੰਬੋਧਨ
ਵਿਚ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸਿਖਿਆ ਕਰ ਕੇ ਹੀ ਸਾਡੇ
ਦੇਸ਼ ਦੀ ਸੰਸਕ੍ਰਿਤੀ ਦਾ ਤਾਣਾ-ਬਾਣਾ ਮਜ਼ਬੂਤ ਹੋਇਆ ਹੈ ਅਤੇ ਅਸੀਂ ਵੈਦਿਕ ਕਾਲ ਤੋਂ ਅਪਣੇ
ਰੀਤੀ ਰਿਵਾਜਾਂ ਨੂੰ ਬਾਖ਼ੂਬੀ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ
ਪੰਜਾਬੀਆਂ ਨੇ ਅਪਣੀ ਅਹਿਮ ਥਾਂ ਬਣਾਈ ਹੈ, ਜੇਕਰ ਅਸੀ ਹੱਥੀਂ ਕੰਮ ਕਰੀਏ ਤਾਂ ਅਸੀ ਅਪਣੇ
ਦੇਸ਼ ਦੀ ਉਨਤੀ ਵਿਚ ਹੋਰ ਵੀ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਨੇ ਸਕੂਲ ਦੇ ਸਮੂਹ
ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬੱਚਿਆਂ ਲਈ
ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਆਜ਼ਾਦ ਭਾਰਤ ਵਿੱਚ ਜਨਮ ਲਿਆ ਹੈ ਅਤੇ ਹੁਣ
ਇਹ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕੜੀ ਮਿਹਨਤ ਕਰਕੇ ਸਿੱਖਿਆ ਹਾਸਲ ਕਰਦੇ ਹੋਏ
ਦੇਸ਼ ਦੀ ਉਨਤੀ ਵਿਚ ਆਪਣਾ ਯੋਗਦਾਨ ਦੇਣ। ਇਸ ਦੌਰਾਨ ਉਨ੍ਹਾਂ ਨੇ ਸਕੂਲ ਮੈਨੇਜਮੈਂਟ
ਕਮੇਟੀ ਨੂੰ 5 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ।
ਇਸ ਦੌਰਾਨ ਵਿਧਾਇਕ ਹਲਕਾ
ਮੁਕੇਰੀਆਂ ਰਜਨੀਸ਼ ਕੁਮਾਰ ਬੱਬੀ ਨੇ ਵੀ ਵਿਦਿਆਰਥੀਆਂ ਨੂੰ ਅਪਣੇ ਟੀਚੇ ਹਾਸਲ ਕਰਨ ਲਈ ਕੜੀ
ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਲਾਨਾ ਸਮਾਰੋਹ ਦੌਰਾਨ ਬੱਚਿਆਂ ਵਲੋਂ ਰੰਗਾ-ਰੰਗ
ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਵਲੋਂ
ਸਪੀਕਰ ਰਾਣਾ ਕੇ ਪੀ ਸਿੰਘ ਅਤੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਨੂੰ ਯਾਦਗਾਰੀ ਚਿੰਨ ਦੇ ਕੇ
ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ 'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਾਜ
ਕੁਮਾਰ ਜੈਨ, ਉਪ ਪ੍ਰਧਾਨ ਰਾਜੇਸ਼ ਸਿੰਘ, ਮੈਨੇਜਰ ਡਾ. ਰਾਜੇਸ਼ ਲਖਨਪਾਲ, ਸਕੱਤਰ ਆਰ.ਡੀ
ਜੈਨ, ਮੈਂਬਰ ਪੀ ਐਲ ਖੁੱਲਰ, ਪ੍ਰਿੰਸੀਪਲ ਰਣਦੀਪ ਸਿੰਘ ਆਦਿ ਸਕੂਲ ਵਿਦਿਆਰਥੀ ਮੌਜੂਦ ਸਨ।