
ਫ਼ਰੀਦਕੋਟ,
ਸਤੰਬਰ 22 (ਗੁਰਿੰਦਰ/ਮੱਘਰ/ਢਿੱਲੋਂ) : ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ
ਕਿ ਬਾਬਾ ਸ਼ੇਖ਼ ਫ਼ਰੀਦ ਜੇ ਦੁਨੀਆਂ 'ਤੇ ਨਾ ਆਉਂਦੇ ਤਾਂ ਦੁਨੀਆਂ ਅਧੂਰੀ ਰਹਿ ਜਾਂਦੀ, ਇਸ
ਸਮਾਜਿਕ ਤਾਣੇ-ਬਾਣੇ 'ਚ ਕਿਸੇ ਦੀ ਇੱਜ਼ਤ ਨਾ ਹੰਦੀ।
ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ
ਨੇ ਹੀ ਲੋਕਾਂ ਨੂੰ ਮਾਨਵਤਾ ਦਾ ਸੰਦੇਸ਼ ਦਿਤਾ ਜਿਸ ਨਾਲ ਅਧੂਰੇ ਸਮਾਜਕ ਰੰਗ ਪੂਰੇ ਹੋ ਗਏ।
ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਕਰਾਈਆਂ ਜਾ ਰਹੀਆਂ ਪੇਂਡੂ ਖੇਡਾਂ ਅਤੇ ਸਭਿਆਚਾਰਕ
ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਬਾਦਲ ਨੇ ਕਿਹਾ ਕਿ ਅੱਜ ਸਾਡੇ ਦੇਸ਼ ਸਾਹਮਣੇ
ਸੱਭ ਤੋਂ ਵੱਡਾ ਖ਼ਤਰਾ ਧਰਮ ਅਤੇ ਨਸਲਵਾਦ ਦੇ ਨਾਮ 'ਤੇ ਭਾਰਤ ਨੂੰ ਵੰਡਣ ਲਈ ਕੀਤੀਆਂ ਜਾ
ਰਹੀਆਂ ਸਾਜ਼ਸ਼ਾਂ ਤੋਂ ਹੈ। ਉਨ੍ਹਾਂ ਪੰਜਾਬੀਆਂ ਨੂੰ ਨਸਲ, ਧਰਮ, ਜਾਤ ਅਤੇ ਰੰਗ ਭੇਦ ਦੇ
ਨਾਮ 'ਤੇ ਪਾਈਆਂ ਜਾ ਰਹੀਆਂ ਵੰਡੀਆਂ ਵਿਰੁਧ ਇੱਕਜੁਟ ਹੋ ਕੇ ਮੁਕਾਬਲਾ ਕਰਨ ਦਾ ਸੱਦਾ
ਦਿਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੇਲੇ ਵਿਚ ਸ਼ਾਮਲ
ਹੋਣਾ ਸੀ ਪਰ ਅੱਜ ਗੁਰਦਾਸਪੁਰ ਲੋਕ ਸਭਾ ਉਪ ਚੋਣ ਲਈ ਪਾਰਟੀ ਉਮੀਦਵਾਰ ਸੁਨੀਲ ਜਾਖੜ ਨੇ
ਨਾਮਜ਼ਦਗੀ ਕਾਗ਼ਜ਼ ਭਰਨੇ ਸਨ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਫ਼ਰੀਦਕੋਟ ਜ਼ਿਲ੍ਹਾ
ਵਾਸੀਆਂ ਲਈ ਭੇਜੇ ਸੰਦੇਸ਼ 'ਚ ਕਿਹਾ ਕਿ ਫ਼ਰੀਦਕੋਟ ਜ਼ਿਲੇ ਦੇ ਸਾਰੇ ਵਿਕਾਸ ਕਾਰਜਾਂ ਲਈ
ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾਵੇਗੀ। ਬਾਦਲ ਨੇ ਪਿਛਲੀਆਂ ਸਰਕਾਰਾਂ ਦੀ
ਕਾਰਜਸ਼ੈਲੀ 'ਤੇ ਕਟਾਖ਼ਸ਼ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ
ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ
ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸੱਭ ਤੋਂ ਵੱਡੀ ਤਵੱਜੋ ਪੰਜਾਬ ਦੇ ਨੌਜਵਾਨਾਂ ਨੂੰ
ਰੁਜ਼ਗਾਰ ਦਿਵਾਉਣ ਲਈ ਦਿਤੀ ਜਾ ਰਹੀ ਹੈ। ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਕਿਹਾ ਕਿ ਪੰਜਾਬ ਸਰਕਾਰ ਵਲੋਂ ਸਭਿਆਚਾਰਕ ਅਤੇ ਖੇਡ ਮੇਲਿਆਂ ਲਈ 50 ਕਰੋੜ ਦੀ ਰਕਮ
ਰਾਖਵੀਂ ਰੱਖੀ ਗਈ ਹੈ। ਉਨਾਂ ਐਲਾਨ ਕੀਤਾ ਕਿ ਫ਼ਰੀਦਕੋਟ ਮੇਲੇ ਦਾ ਸਾਰਾ ਖ਼ਰਚਾ ਪੰਜਾਬ
ਸਰਕਾਰ ਵਲੋਂ ਉਠਾਇਆ ਜਾਵੇਗਾ। ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਫ਼ਰੀਦਕੋਟ
ਜ਼ਿਲ੍ਹੇ ਅਤੇ ਹਲਕੇ ਦੀਆਂ ਕੁੱਝ ਮੰਗਾਂ ਬਾਰੇ ਧਿਆਨ ਦਿਵਾਉਣ 'ਤੇ ਇਨ੍ਹਾਂ ਨੂੰ ਪੂਰਾ ਕਰਨ
ਦਾ ਐਲਾਨ ਕੀਤਾ। ਖ਼ਜ਼ਾਨਾ ਮੰਤਰੀ ਨੇ ਐਲਾਨ ਕੀਤਾ ਕਿ ਫ਼ਰੀਦਕੋਟ ਸ਼ਹਿਰ ਦੇ ਸੀਵਰੇਜ ਅਤੇ
ਪੀਣ ਵਾਲੇ ਪਾਣੀ ਦੇ ਰੁਕੇ ਹੋਏ ਪ੍ਰਾਜੈਕਟ ਨੂੰ ਪੂਰਾ ਕਰਨ ਲਈ 87 ਕਰੋੜ ਰੁਪਏ ਦੀ ਰਾਸ਼ੀ
ਸਰਕਾਰ ਵਲੋਂ ਜਲਦ ਹੀ ਜਾਰੀ ਕਰ ਦਿਤੀ ਜਾਵੇਗੀ। 90 ਕਰੋੜ ਦੇ ਇਸ ਪ੍ਰਾਜੈਕਟ ਲਈ ਪਹਿਲਾਂ
ਸਿਰਫ਼ ਤਿੰਨ ਕਰੋੜ ਰੁਪਏ ਹੀ ਜਾਰੀ ਕੀਤੇ ਗਏ ਸਨ। ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਵਿਚ ਕੱਚੇ
ਖਾਲਿਆਂ ਨੂੰ ਪੱਕਾ ਕਰਨ ਲਈ ਬਣਦੀ 40 ਕਰੋੜ ਰਕਮ ਜਾਰੀ ਕਰਨ ਦਾ ਐਲਾਨ ਕੀਤਾ।