
ਕਪੂਰਥਲਾ: ਔਰਤ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੀਆਈਏ ਸਟਾਫ਼ ਕਪੂਰਥਲਾ ਦੇ ਏਐਸਆਈ ਨੂੰ ਵਿਜੀਲੈਂਸ ਕਪੂਰਥਲਾ ਦੀ ਟੀਮ ਨੇ ਰੰਗੇ ਹੱਥੇ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਦੋਸ਼ੀ ਤੋਂ ਰੰਗ ਲੱਗੇ ਨੋਟ ਬਰਾਮਦ ਕੀਤੇ।
ਐਸਐਸਪੀ ਵਿਜੀਲੈਂਸ ਦਿਲਜਿੰਦਰ ਸਿੰਘ ਢਿੱਲੋ ਨੇ ਦਸਿਆ ਕਿ ਕਪੂਰਥਲਾ ਵਿਜੀਲੈਂਸ ਯੂਨਿਟ ਦੇ ਡੀਐਸਪੀ ਕਰਮਵੀਰ ਸਿੰਘ ਨੂੰ ਮਹਿਲਾ ਜੋਗਿੰਦਰ ਕੌਰ ਪਤਨੀ ਸਵ ਦਾਰਾ ਸਿੰਘ ਨਿਵਾਸੀ ਨਵਾਂ ਪਿੰਡ ਭੱਠੇ ਨੇ ਸ਼ਿਕਾਇਤ ਦਿਤੀ ਸੀ।
ਸ਼ਿਕਾਇਤ ਵਿਚ ਔਰਤ ਨੇ ਦਸਿਆ ਸੀ ਕਿ ਉਸ ਨੂੰ ਸੀਆਈਏ ਸਟਾਫ਼ ਕਪੂਰਥਲਾ ਵਿਚ ਤਾਇਨਾਤ Âੈਐਸਆਈ ਸਤਨਾਮ ਸਿੰਘ ਵਾਰ ਵਾਰ ਧਮਕਾ ਰਿਹਾ ਹੈ ਕਿ ਉਹ ਜੋਗਿੰਦਰ ਕੌਰ ਪਹਿਲਾ ਡੋਡੇ ਚੂਰਾ ਪੋਸਤ ਵੇਚਣ ਦਾ ਕੰਮ ਕਰਦੀ ਸੀ ਤੇ ਹੁਣ ਵੀ ਵੇਚਦੀ ਹੈ। ਪਰ ਉਸ ਨੇ ਕਿਹਾ ਕਿ ਉਹ ਡੋਡੇ ਵੇਚਣ ਦਾ ਕੰਮ ਨਹੀ ਕਰਦੀ ਹੈ। ਇਸ 'ਤੇ ਸਤਨਾਮ ਸਿੰਘ ਉਸ ਨੂੰ ਧਮਕਾਉਂਦੇ ਹੋਏ ਕਹਿਣ ਲੱਗਾ ਕਿ ਉਹ ਉਸਨੂੰ ਨਹੀ ਤਾਂ 25 ਹਜ਼ਾਰ ਰੁਪਏ ਦੀ ਰਿਸ਼ਵਤ ਦੇਵੇ। ਥਾਣਾ ਕੋਤਵਾਲੀ ਵਿਚ 24 ਦਸੰਬਰ ਨੂੰ ਦਰਜ ਐਫਆਈਆਰ ਨੰਬਰ 393 ਵਿਚ ਧੱਕੇ ਨਾਲ ਉਸ ਦਾ ਨਾਮ ਪਵਾ ਦਵੇਗਾ।
ਐਸਐਸਪੀ ਨੇ ਦਸਿਆ ਕਿ ਔਰਤ ਨੇ ਮਿੰਨਤਾਂ ਤਰਲੇ ਕਰ ਕੇ ਸੌਦਾ ਦਸ ਹਜ਼ਾਰ ਰੁਪਏ ਵਿਚ ਤੈਅ ਕੀਤਾ ਅਤੇ 27 ਦਸੰਬਰ ਸ਼ਾਮ ਨੂੰ ਛੇ ਵਜੇ ਸ਼ਾਲੀਮਾਰ ਬਾਗ ਵਿਚ ਰਕਮ ਦੇਣ ਦਾ ਸਥਾਨ ਤੈਅ ਕੀਤਾ ਗਿਆ। ਇਸਦੇ ਬਾਅਦ ਔਰਤ ਨੇ ਕਪੂਰਥਲਾ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ।
ਵਿਜੀਲੈਂਸ ਨੇ ਰੰਗੇ ਹੱਥੇ ਨੋਟ ਔਰਤ ਨੂੰ ਦਿਤੇ, ਜੋਗਿੰਦਰ ਕੌਰ ਨੇ ਤੈਅ ਸਥਾਨ ਤੇ ਜਾਕੇ ਏਐਸਆਈ ਸਤਨਾਮ ਸਿੰਘ ਨੂੰ ਰਕਮ ਦੇ ਦਿਤੀ। ਇਸਦੇ ਨਾਲ ਹੀ ਵਿਜੀਲੈਂਸ ਦੇ ਡੀਐਸਪੀ ਕਰਮਵੀਰ ਸਿੰਘ, ਇਸਪੈਕਟਰ ਸੁਰਿੰਦਰ ਸਿੰਘ, ਇਸਪੈਕਟਰ ਦਲਬੀਰ ਸਿੰਘ, ਏਐਸਆਈ ਸੁਖਚੈਨ ਸਿੰਘ ਨੇ ਏਐਸਆਈ ਸਤਨਾਮ ਸਿੰਘ ਨੂੰ ਦਬੋਚ ਲਿਆ।
ਸਰਕਾਰੀ ਗਵਾਹ ਵੈਟਨਰੀ ਅਧਿਕਾਰੀ ਡਾ ਰਾਮੇਸ਼ ਸ਼ਰਮਾ, ਡਾ ਮਨਪ੍ਰੀਤ ਸਿੰਘ ਅਤੇ ਸ਼ੈਡੋ ਗਵਾਹ ਖੇਤੀਬਾੜੀ ਵਿਭਾਗ ਨੇ ਜਵਾਲਾ ਪ੍ਰਸਾਦ ਦੀ ਮੌਜੂਦਗੀ ਵਿਚ ਏਐਸਆਈ ਦੀ ਜੇਬ ਵਿਚੋ ਰੰਗ ਲੱਗੇ ਨੋਟ ਬਰਾਮਦ ਕਰ ਲਏ।
ਵਿਜੀਲੈਂਸ ਇਸਪੈਕਟਰ ਸੁਰਿੰਦਰ ਸਿੰਘ ਨੇ ਅਰੋਪੀ ਏਐਸਆਈ ਨੂੰ ਗ੍ਰਿਫਤਾਰ ਕਰਕੇ ਉਸ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ।