
ਚੰਡੀਗੜ੍ਹ, 5 ਫ਼ਰਵਰੀ (ਸਸਸ) : ਗ਼ੈਰ-ਕਾਨੂੰਨੀ ਖਣਨ ਅਤੇ ਇਸ ਨਾਲ ਸਬੰਧਤ ਟੈਕਸਾਂ ਦੀ ਚੋਰੀ 'ਤੇ ਸ਼ਿਕੰਜਾ ਕਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਸਬੰਧਤ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਵਿਸ਼ੇਸ਼ ਬਹੁ-ਵਿਭਾਗੀ ਸੰਯੁਕਤ ਟੀਮਾਂ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ। ਸਰਕਾਰੀ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਟੀਮਾਂ ਵਿਚ ਕਰ, ਖਣਨ, ਮਾਲ ਅਤੇ ਪੁਲਿਸ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ ਚੋਰੀ ਰੋਕਣ ਲਈ ਨਾਕੇ ਲਾਉਣ ਦਾ ਅਧਿਕਾਰ ਹੋਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਕੰਮ ਵਿਚ ਲੱਗੇ ਕਿਸੇ ਨੂੰ ਵੀ ਕਿਸੇ ਵੀ ਕੀਮਤ 'ਤੇ ਮੁਆਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਖਣਨ ਅਤੇ ਟੈਕਸਾਂ ਦੀ ਚੋਰੀ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਪਹਿਲ ਦੇ ਆਧਾਰ 'ਤੇ ਰੋਕੇ ਜਾਣ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸੂਬਾ ਹੋਰ ਵਿੱਤੀ ਨੁਕਸਾਨ ਸਹਿਣ ਨਹੀਂ ਕਰ ਸਕਦਾ।
ਖਣਨ ਵਿਭਾਗ ਦੇ ਜਾਇਜ਼ੇ ਲਈ ਵਿੱਤ ਬਾਰੇ ਸਬ-ਕਮੇਟੀ ਦੀ ਮੀਟਿੰਗ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਟੋਨ ਕਰੈਸ਼ਰਾਂ ਉਤੇ ਚੌਕਸੀ ਵਧਾਉਣ ਲਈ ਵੀ ਹੁਕਮ ਜਾਰੀ ਕੀਤੇ ਜੋ ਰੂਪਨਗਰ, ਐਸ.ਏ.ਐਸ. ਨਗਰ ਅਤੇ ਪਠਾਨਕੋਟ ਨਾਂ ਦੇ ਤਿੰਨ ਜ਼ਿਲ੍ਹਿਆਂ ਵਿਚ ਲੱਗੇ ਹੋਏ ਹਨ।19 ਫ਼ਰਵਰੀ ਨੂੰ ਕੀਤੀ ਜਾ ਰਹੀ ਬੋਲੀ ਦੌਰਾਨ 48 ਰੇਤ ਖੱਡਾਂ (1.64 ਕਰੋੜ ਟਨ) ਅਤੇ 3 ਬਜਰੀ (0.2 ਕਰੋੜ ਟਨ) ਦੀਆਂ ਖੱਡਾਂ ਦੀ ਬੋਲੀ ਹੋਵੇਗੀ ਜਦਕਿ 15 ਮਾਰਚ ਨੂੰ ਰੇਤ ਦੀਆਂ 145 ਖੱਡਾਂ (2.7 ਕਰੋੜ ਟਨ) ਅਤੇ ਬਜਰੀ ਦੀਆਂ 18 ਖੱਡਾਂ (0.2 ਕਰੋੜ ਟਨ) ਦੀ ਖੁਲ੍ਹੀ ਬੋਲੀ ਹੋਵੇਗੀ।