
ਚੰਡੀਗੜ੍ਹ,
13 ਸਤੰਬਰ (ਜੀ.ਸੀ. ਭਾਰਦਵਾਜ) : ਚੋਣ ਕਮਿਸ਼ਨ ਵਲੋਂ 11 ਅਕਤੂਬਰ ਲਈ ਗੁਰਦਾਸਪੁਰ ਲੋਕ
ਸਭਾ ਸੀਟ ਲਈ ਜ਼ਿਮਨੀ ਚੋਣ ਦੇ ਕਲ ਕੀਤੇ ਐਲਾਨ ਨਾਲ ਪੰਜਾਬ ਦੀਆਂ ਤਿੰਨ ਵੱਡੀਆਂ ਪਾਰਟੀਆਂ
ਵਿਚ ਹਿਲਜੁਲ ਵਧ ਗਈ ਹੈ ਅਤੇ ਇਨ੍ਹਾਂ ਸਿਆਸੀ ਦਲਾਂ ਨੇ ਉਮੀਦਵਾਰਾਂ 'ਤੇ ਪ੍ਰਚਾਰ ਲਈ
ਹਿਸਾਬ-ਕਿਤਾਬ ਲਗਾਉਣਾ ਸ਼ੁਰੂ ਕਰ ਦਿਤਾ ਹੈ।
ਵਿਧਾਨ ਸਭਾ ਵਿਚ ਵਿਰੋਧੀ ਧਿਰ ਆਮ ਆਦਮੀ
ਪਾਰਟੀ ਨੇ ਭਲਕੇ ਪੰਜਾਬ ਭਵਨ ਵਿਚ ਤਿੰਨ ਮੈਂਬਰੀ ਕਮੇਟੀ ਦੀ ਬੈਠਕ ਰੱਖ ਲਈ ਹੈ ਜਿਸ ਵਿਚ
ਉਮੀਦਵਾਰ ਦੇ ਨਾਂਅ 'ਤੇ ਚਰਚਾ ਕੀਤੀ ਜਾਵੇਗੀ। ਬੈਠਕ ਵਿਚ ਪਾਰਟੀ ਦੇ ਕਨਵੀਨਰ ਭਗਵੰਤ
ਮਾਨ, ਸੁਖਪਾਲ ਖਹਿਰਾ ਤੇ ਉਪ ਪ੍ਰਧਾਨ ਅਮਨ ਅਰੋੜ ਹਿੱਸਾ ਲੈਣਗੇ। ਵਿਰੋਧੀ ਧਿਰ ਦੇ ਨੇਤਾ
ਖਹਿਰਾ ਮੁਤਾਬਕ 'ਆਪ' ਦੇ ਸਾਰੇ ਵਿਧਾਇਕਾਂ ਨੂੰ ਵੀ ਇਸ ਅਹਿਮ ਬੈਠਕ ਵਿਚ ਵਿਚਾਰ ਦੇਣ ਲਈ
ਬੁਲਾਇਆ ਗਿਆ ਹੈ। ਇਥੇ ਇਹ ਦਸਣਾ ਬਣਦਾ ਹੈ ਕਿ 2014 ਦੀ ਲੋਕ ਸਭਾ ਚੋਣ ਵੇਲੇ ਇਸ ਸੀਟ
ਤੋਂ ਸੁੱਚਾ ਸਿੰਘ ਛੋਟੇਪੁਰ ਉਮੀਦਵਾਰ ਸਨ। ਬਾਅਦ ਵਿਚ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ
ਦਿਤਾ ਸੀ। ਭਾਵੇਂ ਇਸ ਸੀਟ ਦੇ 9 ਹਲਕਿਆਂ ਵਿਚ ਸੱਤ 'ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ
ਹੋਈ ਹੈ ਜਿਨ੍ਹਾਂ ਵਿਚੋਂ ਤ੍ਰਿਪਤ ਰਾਜਿੰਦਰ ਬਾਜਵਾ ਤੇ ਅਰੁਣਾ ਚੌਧਰੀ ਦੋ ਮੰਤਰੀ ਹਨ ਪਰ
ਇਨ੍ਹਾਂ ਸੱਤ ਲੀਡਰਾਂ ਦੇ ਤਿੰਨ ਜ਼ਬਰਦਸਤ ਗੁਟ ਬਣੇ ਹੋਏ ਹਨ। ਇਸ ਜ਼ਿਮਨੀ ਚੋਣ ਲਈ
ਉਮੀਦਵਾਰੀ ਵਾਸਤੇ ਮੌਜੂਦਾ ਰਾਜ ਸਭਾ ਐਮਪੀ ਪ੍ਰਤਾਪ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ
ਮੁੱਖ ਦਾਅਵੇਦਾਰ ਹਨ, ਉਨ੍ਹਾਂ ਪਹਿਲਾਂ ਹੀ ਹਾਈਕਮਾਂਡ ਦੇ ਰਾਹੁਲ, ਸੋਨੀਆ ਤੇ ਹੋਰ
ਲੀਡਰਾਂ ਤੋਂ ਹਾਂ ਕਰਾਈ ਹੋਈ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ
ਕੇਂਦਰੀ ਮੰਤਰੀ ਪ੍ਰਨੀਤ ਕੌਰ ਤੋਂ ਵੀ ਥਾਪੀ ਲੈ ਲਈ ਹੈ। ਦੋ ਦਿਨ ਪਹਿਲਾਂ ਕਾਂਗਰਸ ਦੇ
ਸਥਾਨਕ ਵਿਧਾਇਕਾਂ ਫ਼ਤਹਿਜੰਗ ਬਾਜਵਾ ਤੇ ਬਲਵਿੰਦਰ ਲਾਡੀ ਤੋਂ ਵੀ ਬਿਆਨ ਦੁਆ ਦਿਤੇ ਹਨ ਕਿ
ਕਾਂਗਰਸ (ਬਾਕੀ ਸਫ਼ਾ 10 'ਤੇ)
ਦਾ ਉਮੀਦਵਾਰ ਬਾਹਰੋਂ ਨਹੀਂ ਮਨਜ਼ੂਰ ਕੀਤਾ ਜਾਵੇਗਾ। ਇਨ੍ਹਾਂ ਦਾ ਸਿੱਧਾ ਇਸ਼ਾਰਾ ਸੁਨੀਲ ਜਾਖੜ ਦੇ ਵਿਰੋਧ ਵਿਚ ਸੀ।
ਦੂਜੇ ਪਾਸੇ ਧਾਕੜ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਮੰਤਰੀ ਤ੍ਰਿਪਤ ਬਾਜਵਾ ਸਰੇਆਮ ਪ੍ਰਤਾਪ ਬਾਜਵਾ ਤੇ ਚਰਨਜੀਤ ਕੌਰ ਦਾ ਡਟ ਕੇ ਵਿਰੋਧ ਕਰ ਰਹੇ ਹਨ ਇਸੇ ਗੁਟ ਨੇ ਅਸੈਂਬਲੀ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਪ੍ਰਤਾਪ ਬਾਜਵਾ ਨੂੰ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਹਿਰਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਕਾਂਗਰਸੀ ਲੀਡਰਾਂ ਦੀ ਲਾਮਬੰਦੀ ਕੀਤੀ ਸੀ। ਸੁਨੀਲ ਜਾਖੜ ਵੀ ਉਸ ਮੁਹਿੰਮ ਵਿਚ ਅੰਦਰਖ਼ਾਤੇ ਪ੍ਰਤਾਪ ਬਾਜਵਾ ਦਾ ਸਖ਼ਤ ਵਿਰੋਧੀ ਸੀ।
ਸੁਨੀਲ
ਜਾਖੜ ਦੇ ਨੇੜਲੇ ਸੂਤਰਾਂ ਨੇ ਦਸਿਆ ਕਿ ਦਿਲੋਂ ਉਹ ਇਸ ਚੋਣ ਰਫੜੇ ਵਿਚ ਪੈਣਾ ਨਹੀਂ
ਚਾਹੁੰਦੇ, ਰਾਹੁਲ ਗਾਂਧੀ ਤੇ ਹਾਈਕਮਾਂਡ ਨੂੰ ਪਹਿਲਾਂ ਹੀ ਮਨਾਂ ਕਰ ਚੁੱਕੇ ਹਨ ਪਰ ਜੇ
ਜਾਖੜ ਦੀ ਗਰਦਨ ਜ਼ਰੂਰ ਹੀ ਫਸਾਉਣੀ ਹੈ ਤਾਂ ਹਾਈਕਮਾਂਡ ਦਾ ਹੁਕਮ ਨਹੀਂ ਟਾਲਣਗੇ। ਜ਼ਿਕਰਯੋਗ
ਹੈ ਕਿ 2014 ਦੀ ਲੋਕ ਸਭਾ ਚੋਣ ਫ਼ਿਰੋਜ਼ਪੁਰ ਤੋਂ ਹਾਰ ਗਏ ਸਨ ਅਤੇ ਇਸ ਵਾਰ ਅਸੈਂਬਲੀ ਚੋਣ
ਵੀ ਅਬੋਹਰ ਤੋਂ ਹਾਰ ਚੁੱਕੇ ਹਨ। ਗੁਰਦਾਸਪੁਰ ਵਿਚ ਹੀ ਸੁਨੀਲ ਜਾਖੜ ਬਾਹਰਲੇ ਉਮੀਦਵਾਰ
ਗਿਣੇ ਜਾਣਗੇ ਅਤੇ ਉਨ੍ਹਾਂ ਦੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਵੀ ਖ਼ਤਰੇ ਵਿਚ ਪੈ ਸਕਦੀ
ਹੈ ਜੇ ਜ਼ਿਮਨੀ ਚੋਣ ਹਾਰ ਜਾਂਦੇ ਹਨ।
ਇਸ ਤਿਕੋਣੇ ਮੁਕਾਬਲੇ ਵਿਚ ਭਾਜਪਾ-ਅਕਾਲੀ
ਗਠਜੋੜ ਪ੍ਰਚਾਰ ਦੀ ਦੌੜ ਵਿਚ ਸੱਭ ਤੋਂ ਅੱਗੇ ਹੈ ਕਿਉਂਕਿ ਪਿਛਲੇ ਮਹੀਨੇ ਤੋਂ ਹੀ ਭਾਜਪਾ
ਦੀ ਚੋਟੀ ਦੀ ਲੀਡਰਸ਼ਿਪ, ਪ੍ਰਧਾਨ ਵਿਜੈ ਸਾਂਪਲਾ, ਇੰਚਾਰਜ ਪ੍ਰਭਾਤ ਝਾਅ, ਰਾਸ਼ਟਰੀ ਉਪ
ਪ੍ਰਧਾਨ ਅਵਿਨਾਸ਼ ਖੰਨਾ ਅਤੇ 6 ਹੋਰ ਲੀਡਰਾਂ ਸਮੇਤ ਕੁਲ 27 ਨੇਤਾਵਾਂ ਨਾਲ ਪਿੰਡ-ਪਿੰਡ ਤੇ
ਕਸਬਿਆਂ ਵਿਚ ਤੈਨਾਤ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮਰਹੂਮ ਵਿਨੋਖ ਖੰਨਾ
ਦੀ ਪਤਨੀ ਕਵਿਤਾ ਖੰਨਾ ਉਮੀਦਵਾਰੀ ਦੀ ਮੁੱਖ ਦਾਅਵੇਦਾਰ ਹੈ ਅਤੇ ਉਸ ਦੇ ਹੱਕ ਵਿਚ ਹੀ
ਸਾਰਾ ਪ੍ਰਚਾਰ ਚਲ ਰਿਹਾ ਹੈ। ਭਾਈਵਾਲ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਦਾ ਕਹਿਣਾ ਹੈ ਕਿ ਮੌਜੂਦਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਐਮਐਲਏ ਸੇਵਾ ਸਿੰਘ
ਸੇਖਵਾਂ, ਨਿਰਮਲ ਸਿੰਘ ਕਾਹਲੋਂ, ਗੁਰਬਚਨ ਸਿੰਘ ਬੱਬੇਹਾਲੀ ਸੱਭ ਦੀਆਂ ਡਿਊਟੀਆਂ ਲੱਗ
ਗਈਆਂ ਹਨ। ਦਲ ਦੇ ਪ੍ਰਧਾਨ ਨੇ ਚਾਰ ਦਿਨਾਂ ਬਾਅਦ 18 ਸਤੰਬਰ ਨੂੰ ਕੋਰ ਕਮੇਟੀ ਦੀ ਬੈਠਕ
ਵੀ ਚੰਡੀਗੜ੍ਹ ਵਿਚ ਰੱਖ ਲਈ ਹੈ ਜਿਸ ਵਿਚ ਗੁਰਦਾਸਪੁਰਜ਼ਿਮਨੀ ਚੋਣ ਲਈ ਭਾਜਪਾ ਦਾ ਪੱਕਾ
ਸਾਥ ਦੇਣ ਲਈ ਰਣਨੀਤੀ ਤੈਅ ਕੀਤੀ ਜਾਵੇਗੀ।
ਪੰਜਾਬ ਦੀਆਂ ਸਾਰੀਆਂ ਵੱਡੀਆਂ ਸਿਆਸੀ
ਪਾਰਟੀਆਂ ਇਸ ਜ਼ਿਮਨੀ ਚੋਣ ਨੂੰ 2019 ਦੀ ਆਮ ਲੋਕ ਸਭਾ ਚੋਣਾਂ ਦੇ ਟੈਸਟ ਵਜੋਂ ਭਾਂਪ
ਰਹੀਆਂ ਹਨ। ਕਾਂਗਰਸ ਦੀ ਪਰਖ ਇਸ ਲਈ ਵੀ ਅਹਿਮ ਹੈ ਕਿ ਅਬੈਂਬਲੀ ਚੋਣਾਂ ਵਿਚ 77
ਵਿਧਾਇਕਾਂ ਨਾਲ ਵੱਡੀ ਜਿੱਤ ਦੇ ਛੇ ਮਹੀਨੇ ਬਾਅਦ ਹੀ ਇਹ ਚੋਣ ਸਿਰ 'ਤੇ ਆ ਗਈ ਹੈ। ਇਸ
ਵੇਲੇ ਸੱਤਾਧਾਰੀ ਪਾਰਟੀ ਦਾ ਕਾਰਗੁਜ਼ਾਰੀ ਗ੍ਰਾਫ਼ ਥੋੜਾ ਹੇਠਾਂ ਵਲ ਜਾ ਰਿਹਾ ਹੈ।