
ਚੰਡੀਗੜ੍ਹ,
11 ਸਤੰਬਰ (ਨੀਲ ਭਲਿੰਦਰ ਸਿੰਘ): ਬੱਚਿਆਂ ਦੀ ਜਾਨ ਦਾ ਖੌਅ ਬਣੀ ਹੋਈ 'ਬਲੂ ਵੇਲ੍ਹ'
ਗੇਮ ਉਤੇ ਪਾਬੰਦੀ ਲਾਉਣ ਦੀ ਮੰਗ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ,
ਪੰਜਾਬ, ਹਰਿਆਣਾ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ
ਬਾਬਤ ਹਾਈ ਕੋਰਟ ਵਿਚ ਪਿਛਲੇ ਹਫ਼ਤੇ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤਹਿਤ ਇਸ
ਗੇਮ ਦੀ ਚਪੇਟ ਵਿਚ ਆਏ ਬੱਚਿਆਂ ਨੂੰ ਆਤਮ ਹਤਿਆ ਤਕ ਕਰ ਲੈਣ ਲਈ ਮਜਬੂਰ ਕਰਦੀ ਇਸ
ਖ਼ਤਰਨਾਕ ਗੇਮ ਨਾਲ ਸਬੰਧਤ ਸਮਗਰੀ ਆਦਿ ਮੀਡੀਆ ਵਿਚ ਪ੍ਰਕਾਸ਼ਤ ਕੀਤੇ ਜਾਣ ਉਤੇ ਵੀ ਪਾਬੰਦੀ
ਲਾਉਣ ਦੀ ਅਦਾਲਤ ਕੋਲੋਂ ਮੰਗ ਕੀਤੀ ਗਈ ਹੈ।
ਪਟੀਸ਼ਨਰ ਐਡਵੋਕੇਟ ਹਿਤੇਸ਼ ਕਪਲਿਸ਼ ਨੇ
ਪਟੀਸ਼ਨ ਤਹਿਤ ਇਸ ਗੇਮ ਦੇ ਨਾਕਰਤਮਕ ਸਿਟਿਆਂ ਬਾਰੇ ਦਸਦੇ ਹੋਏ ਕਿਹਾ ਕਿ ਹੁਣ ਤਾਈਂ ਇਸ
ਕਾਰਨ 100 ਤੋਂ ਵੱਧ ਗਭਰੇਟ ਆਤਮ ਹਤਿਆ ਕਰ ਚੁਕੇ ਹਨ। ਪਟੀਸ਼ਨਰ ਨੇ ਕੇਂਦਰੀ ਗ੍ਰਹਿ
ਮੰਤਰਾਲੇ, ਟੈਲੀਕਮਿਊਨੀਕੇਸ਼ਨ ਮੰਤਰਾਲੇ ਸਣੇ ਪੰਜਾਬ, ਹਰਿਆਣਾ ਸਰਕਾਰਾਂ ਅਤੇ ਯੂਟੀ
ਪ੍ਰਸ਼ਾਸਨ ਨੂੰ ਧਿਰ ਬਣਇਆ ਹੈ। ਜਸਟਿਸ ਏ.ਕੇ. ਮਿੱਤਲ ਅਤੇ ਜਸਟਿਸ ਅਮਿਤ ਰਾਵਲ ਉਤੇ ਆਧਾਰਤ
ਡਵੀਜ਼ਨ ਬੈਂਚ ਨੇ ਅੱਜ ਇਨ੍ਹਾਂ ਧਿਰਾਂ ਨੂੰ 20 ਸਤੰਬਰ ਲਈ ਨੋਟਿਸ ਜਾਰੀ ਕਰ ਦਿਤਾ ਹੈ।